ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 2 ਸਤੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਕਿਸਾਨੀ ਘੋਲ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 5 ਸਤੰਬਰ ਨੂੰ ਮੁਜ਼ੱਫਰਨਗਰ (ਯੂਪੀ) ਵਿੱਚ ਕੀਤੀ ਜਾ ਰਹੀ ਕਿਸਾਨ ਮਹਾਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾਈ ਮੀਟਿੰਗ ਅੱਜ ਇੱਥੇ ਤਰਕਸ਼ੀਲ ਭਵਨ ਵਿੱਚ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਅਨੁਸਾਰ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ 4 ਸਤੰਬਰ ਨੂੰ ਮੁਜ਼ੱਫਰਨਗਰ ਵੱਲ ਕੂਚ ਕਰੇਗਾ, ਜਿਸ ਲਈ ਬੱਸਾਂ ਅਤੇ ਹੋਰ ਵਾਹਨਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 7 ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਇਜਲਾਸ ਮੌਕੇ ਕਾਂਗਰਸ ਦੀ ਕੈਪਟਨ ਸਰਕਾਰ ਖ਼ਿਲਾਫ਼ ਪਿੰਡ-ਪਿੰਡ ਕੀਤੇ ਜਾ ਰਹੇ ਰੋਸ ਮਾਰਚਾਂ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਪਟਿਆਲਾ ਵਿੱਚ ਮੋਤੀ ਮਹਿਲ ਦੇ ਘਿਰਾਓ ਸਮੇਂ ਵੀ ਕਿਸਾਨ ਜਥੇਬੰਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਏਗੀ।
ਇਸੇ ਤਰ੍ਹਾਂ 7 ਸਤੰਬਰ ਨੂੰ ਪਟਿਆਲਾ ਵਿੱਚ ਪੰਜਾਬ ਭਰ ਦੇ ਠੇਕਾ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੇ ਜਾ ਰਹੇ ਪੱਕੇ ਮੋਰਚੇ ਦੀ ਹਮਾਇਤ ਵਿੱਚ ਵੀ ਸੈਂਕੜੇ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਸੂਬਾ ਆਗੂ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਮੇਟੀ ਆਗੂ ਹਾਜ਼ਰ ਸਨ।
ਮੁਜ਼ੱਫ਼ਰਨਗਰ ਰੈਲੀ ਦੀ ਤਿਆਰੀ ’ਚ ਮੀਂਹ ਨੇ ਅੜਿੱਕਾ ਪਾਇਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੀ 5 ਸਤੰਬਰ ਨੂੰ ‘ਮਿਸ਼ਨ ਉੱਤਰਾਖੰਡ/ਉੱਤਰ ਪ੍ਰਦੇਸ਼’ ਦੀ ਸ਼ੁਰੂਆਤ ਕਰਨ ਲਈ ਮੁਜ਼ੱਫ਼ਰਨਗਰ ਰੈਲੀ ਲਈ ਪੰਡਾਲ ਤਿਆਰ ਕਰਨ ਸਮੇਂ ਮੀਂਹ ਨੇ ਰੁਕਾਵਟ ਪਾਈ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਖਿੱਤੇ ਵਿੱਚ ਸਵੇਰੇ ਤੇਜ਼ ਮੀਂਹ ਪੈਣ ਕਾਰਨ ਪੰਡਾਲ ਲਾਉਣ ਦਾ ਕੰਮ ਰੋਕਣਾ ਪਿਆ। ਬਾਜਵਾ ਮੁਤਾਬਕ ਸ਼ਾਮ ਨੂੰ ਧੁੱਪ ਨਿਕਲੀ ਤੇ ਫਿਰ ਪੰਡਾਲ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਰਾਤ ਨੂੰ ਵੀ ਜਾਰੀ ਰੱਖਿਆ ਗਿਆ। 5 ਸਤੰਬਰ ਦੀ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ। ਹੋਰ ਰਾਜਾਂ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਿਆਰੀ ਮੀਟਿੰਗਾਂ ਵਿੱਚ ਹਜ਼ਾਰਾਂ ਕਿਸਾਨ ਭਾਗ ਲੈ ਰਹੇ ਹਨ। ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਵੀ ਲਾਮਬੰਦ ਹੋ ਰਹੇ ਹਨ।