ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਸਤੰਬਰ
ਕੌਮੀ ਪੱਧਰ ਦੀ ਕਿਸਾਨੀ ਮਸਲਿਆਂ ਲਈ ਗਠਿਤ ‘ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਨੇ 14 ਸਤੰਬਰ ਨੂੰ ਸ਼ੁਰੂ ਹੋ ਰਹੇ ਪਾਰਲਪਮੈਂਟ ਸ਼ੈਸ਼ਨ ਮੌਕੇ ਦੇਸ਼ ਭਰ ਵਿੱਚ ਰੋਸ ਰੈਲੀਆਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਤੋਂ ਇਸ ਫਰੰਟ ਵਿੱਚ ਸ਼ਾਮਲ 10 ਕਿਸਾਨ ਜੱਥੇਬੰਦੀਆਂ ਵੱਲੋਂ ਵੱਖ ਵੱਖ ਜ਼ੋਨਾਂ ਵਿੱਚ ਕੀਤੇ ਜਾ ਰਹੇ ਐਕਸ਼ਨਾਂ ਦੀ ਤਿਆਰੀ ਲਈ ਮੋਗਾ ਵਿੱਚ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਰ ਭਵਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੋਗਾ ’ਚ 14 ਸਤੰਬਰ ਨੂੰ ਕਿਸਾਨ ਵੰਗਾਰ ਰੈਲੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕ੍ਰਾਂਤੀਕਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੁਰਮੀਤ ਮਹਿਮਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਆਗੂ ਬਲਦੇਵ ਸਿੰਘ ਜ਼ੀਰਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੂਰਤ ਸਿੰਘ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਕਿਹਾ ਕਿ 14 ਸਤੰਬਰ ਨੂੰ ਨਵੀਂ ਅਨਾਜ ਮੰਡੀ ਵਿੱਚ ਹੋ ਰਹੀ ਵੰਗਾਰ ਰੈਲੀ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਚੱਲ ਰਹੇ ਅੰਦੋਲਨ ਦਾ ਅਗਲਾ ਪੜਾਅ ਹੋਵੇਗੀੇ। ਇਸ ਮੌਕੇ ਸੀਪੀਆਈ ਆਗੂ ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।
ਆਰਡੀਨੈਂਸ ਖ਼ਿਲਾਫ਼ ਬੋਹਾ ਖੇਤਰ ਦੇ ਪਿੰਡਾਂ ਵਿੱਚ ਰੈਲੀਆਂ
ਬੋਹਾ (ਪੱਤਰ ਪ੍ਰੇਰਕ): ਆਲ ਇੰਡੀਆ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ 14 ਸਤੰਬਰ ਨੂੰ ਵੰਗਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਖੇਤਰ ਦੇ ਪਿੰਡ ਗਾਮੀਵਾਲਾ ਤਾਲਵਾਲਾ, ਗੰਢੂ ਖੁਰਦ , ਗੰਢੂ ਕਲਾਂ ਅਤੇ ਮਘਾਣੀਆ ਵਿੱਚ ਕਿਸਾਨ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਬਲਾਕ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ ਨੇ ਕਿਹਾ ਕਿ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਖੋਟੇ ਮਨਸੂਬਿਆਂ ਤਹਿਤ ਹਾਲ ਹੀ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪੂਰੀ ਤਰ੍ਹਾ ਖੇਤੀ ਨੂੰ ਤਬਾਹ ਕਰਨ ਵਾਲੇ ਅਤੇ ਖਤਰਨਾਕ ਹਨ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 14 ਸਤੰਬਰ ਨੂੰ ਬਰਨਾਲੇ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਵੰਗਾਰ ਰੈਲੀ ਵਿਚ ਸ਼ਾਮਲ ਹੋਣ।