ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਕਤੂਬਰ
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਚ ਕੋਠੀ ਸਾਹਮਣੇ 9 ਅਕਤੂਬਰ ਤੋਂ ਲਾਏ ਜਾਣ ਵਾਲੇ ਪੱਕੇ ਮੋਰਚੇ ਦੀਆਂ ਸਾਰਾ ਦਿਨ ਤਿਆਰੀਆਂ ਚੱਲਦੀਆਂ ਰਹੀਆਂ। ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਘਰ ਅੱਗੇ ਭਲਕੇ ਪੱਕਾ ਮੋਰਚਾ ਆਰੰਭ ਕਰ ਦੇਣਾ ਹੈ, ਹਾਲਾਂਕਿ ਅੱਜ ਸਾਰਾ ਦਿਨ ਜ਼ਿਲ੍ਹਿਆਂ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਕਹਿਣ ’ਤੇ ਜਥੇਬੰਦਕ ਆਗੂਆਂ ਨਾਲ ਇਹ ਪੱਕਾ ਮੋਰਚਾ ਟਾਲਣ ਲਈ ਕੋਸ਼ਿਸ਼ਾਂ ਕਰਦੇ ਰਹੇ। ਜਥੇਬੰਦੀ ਦੀ ਸੂਬਾਈ ਕਮੇਟੀ ਨੇ ਮੁੱਖ ਮੰਤਰੀ ਨਾਲ ਕੱਲ੍ਹ ਮੀਟਿੰਗ ਕਰਨ ਤੋਂ ਬਾਅਦ ਇਸ ਮੋਰਚੇ ਨੂੰ ਲਾਉਣ ਦਾ ਬਾਕਾਇਦਾ ਐਲਾਨ ਕਰ ਦਿੱਤਾ ਸੀ, ਜਿਸ ਤਹਿਤ ਇਹ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਅੱਜ ਪਿੰਡਾਂ ਵਿੱਚ ਹੁੰਦੀਆਂ ਰਹੀਆਂ।
ਜਥੇਬੰਦੀ ਵੱਲੋਂ ਮਾਨਸਾ ਤੋਂ ਇਲਾਵਾ ਬਰਨਾਲਾ, ਮੋਗਾ, ਬਠਿੰਡਾ, ਮੁਕਤਸਰ, ਫ਼ਰੀਦਕੋਟ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਇਸ ਪੱਕੇ ਮੋਰਚੇ ਲਈ ਪੂਰਨ ਤਿਆਰੀਆਂ ਹੋਣ ਦੀ ਹਾਮੀ ਭਰੀ ਗਈ ਹੈ ਅਤੇ ਕਿਸਾਨਾਂ ਵੱਲੋਂ ਦਿਨ ਚੜ੍ਹਦੇ ਨੂੰ ਸੰਗਰੂਰ ਵੱਲ ਵਹੀਰਾਂ ਘੱਤਣ ਦੀ ਤਿਆਰੀ ਖਿੱਚੀ ਹੋਈ ਹੈ।
ਪੂਰੇ ਮਾਨਸਾ ਜ਼ਿਲ੍ਹੇ ਵਿੱਚ ਹੋਈ ਤਿਆਰੀ ਦੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਲਕੇ ਤੋਂ ਲੱਗਣ ਵਾਲੇ ਮੋਰਚੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਅੱਜ ਭੈਣੀਬਾਘਾ ਵਿਚ ਹੋਈ ਪਿੰਡ ਪੱਧਰੀ ਤਿਆਰੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਪਰਾਲੀ ਦਾ ਕੋਈ ਠੋਸ ਹੱਲ ਲੱਭਣ ਦੀ ਬਜਾਇ ਕਿਸਾਨਾਂ ਨਾਲ ਜੰਗ ਕਰਨ ਦੇ ਬਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਅਤੇ ਉਸ ਤੋਂ ਬਾਅਦ ਵੀ ਭਾਰੀ ਬਾਰਸ਼ ਨਾਲ ਫ਼ਸਲਾਂ ਵੱਡੀ ਪੱਧਰ ’ਤੇ ਤਬਾਹ ਹੋ ਗਈਆਂ ਹਨ ਅਤੇ ਕਈ ਮਕਾਨ ਡਿੱਗੇ ਹਨ ਜਾਂ ਡਿੱਗਣ ਕਿਨਾਰੇ ਹਨ, ਪਰ ਅਜੇ ਤੱਕ ਸਰਕਾਰ ਨੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਗਿਰਦਾਵਰੀਆਂ ਕਰਵਾਉਣ ਦਾ ਕੋਈ ਠੋਸ ਫ਼ੈਸਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਣਨ ਦੇ ਨਾਮ ਹੇਠ ਕਿਸਾਨਾਂ ਨੂੰ ਆਪਣੀਆਂ ਹੀ ਉੱਚੀਆਂ-ਨੀਵੀਆਂ ਜ਼ਮੀਨਾਂ ਨੂੰ ਪੱਧਰ ਕਰਨ ਤੋਂ ਜਬਰੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂਆਂ ਸੜਕਾਂ ਕੱਢਣ ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇਣ ਵਿੱਚ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਅਤੇ ਪੰਚਾਇਤੀ ਤੇ ਸ਼ਾਮਲਾਟ ਹੋਰ ਜ਼ਮੀਨਾਂ ਦਾ ਲੈਂਡ ਬੈਂਕ ਬਣਾਇਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਵਿੱਚ ਕੋਈ ਦਿੱਕਤ ਨਾ ਆਵੇ।