ਪੱਤਰ ਪ੍ਰੇਰਕ
ਜ਼ੀਰਾ, 30 ਅਗਸਤ
ਇਥੇ ਜ਼ੀਰਾ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਜ਼ੀਰਾ ਵੱਲੋਂ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਰੋਜ਼ਾਨਾ ਸ਼ਹਿਰ ਦੇ 17 ਵਾਰਡਾਂ ਵਿੱਚ ਡੋਰ-ਟੂ-ਡੋਰ ਕੁਲੈਕਸ਼ਨ ਤੇ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ, ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਨਗਰ ਕੌਂਸਲ ਜ਼ੀਰਾ ਵੱਲੋਂ ਗਿੱਲੇ ਕੂੜੇ ਤੋਂ 1.50 ਟਨ ਜੈਵਿਕ ਖਾਦ ਤਿਆਰ ਕੀਤੀ ਜਾ ਚੁੱਕੀ ਹੈ, ਜੋ ਕਿ ਘਰ ਦੀਆਂ ਬਚੀਆਂ ਹੋਈਆਂ ਸਬਜ਼ੀਆਂ, ਫਲਾਂ ਛਿਲਕੇ, ਚਾਹਪੱਤੀ ਆਦਿ ਤੋਂ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਖਾਦ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਦਾ ਨਤੀਜਾ ਬਹੁਤ ਵਧੀਆ ਨਿਕਲ ਰਿਹਾ ਹੈ। ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰ ਦਾ ਕੂੜਾ ਘਰ ਤੋਂ ਹੀ ਅਲੱਗ -ਅਲੱਗ ਕਰਕੇ ਦੇਣ। ਨਗਰ ਕੌਂਸਲ ਦੀ ਟੀਮ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰ ਕੇ ਕੱਪੜੇ ਦੇ ਥੈਲੇ ਜਾਂ ਜੂਟ ਦੇ ਬਣੇ ਥੈਲੇ ਵਰਤਣ ਲਈ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜਿੱਥੇ ਨਗਰ ਕੌਂਸਲ ਵੱਲੋਂ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਕਰੋਨਾਦੇ ਇਸ ਭਿਆਨਕ ਦੌਰ ਵਿੱਚ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ- 19 ਦੇ ਚੱਲਦੇ ਹੋਏ ਸ਼ਹਿਰ ਨੂੰ ਲਗਾਤਾਰ ਸੈਨੇਟਾਇਜ਼ ਕਰਵਾਇਆ ਜਾ ਰਿਹਾ ਹੈ ਅਤੇ ਫੌਗਿੰਗ ਵੀ ਕਰਵਾਈ ਜਾ ਰਹੀ ਹੈ ।