ਜਸਵੀਰ ਸਿੰਘ ਭੁੱਲਰ
ਦੋਦਾ, 17 ਜੁਲਾਈ
ਇਥੇ 30 ਬਿਸਤਰਿਆਂ ਵਾਲਾ ਮੁੱਢਲਾ ਸਿਹਤ ਕੇਂਦਰ ਦੋਦਾ ਜੋ 52 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਣਿਆ ਹੈ, ਵਿਚ 12 ਡਾਕਟਰਾਂ ਦੀ ਪੋਸਟਾਂ ਵਿਚੋਂ 9 ਖਾਲੀ ਹਨ। ਇਥੇ ਮੈਡੀਸਿਨ, ਗਾਇਨੀ, ਹੱਡੀਆਂ, ਅੱਖਾਂ ਦੇ ਡਾਕਟਰ ਨਹੀਂ ਹਨ , 5 ਮੈਡੀਕਲ ਅਫਸਰਾਂ ਵਿਚੋਂ ਡਿਊਟੀ ਉਪਰ ਇਕ ਹੀ ਮੌਜੂਦ ਹੈ। ਸੀਨੀਅਰ ਮੈਡੀਕਲ ਅਫਸਰ ਅਤੇ ਇਕ ਮੈਡੀਕਲ ਅਫਸਰ ਹਸਪਤਾਲ ਦੀ ਗੱਡੀ ਰੋੜ੍ਹਨ ਲਈ ਮਜਬੂਰ ਹਨ ਜਦੋਂ ਕਿ ਦੋ ਮੈਡੀਕਲ ਅਫਸਰ ਕੋਰਸ ’ਤੇ ਗਏ ਹੋਣ ਕਾਰਨ ਬਹੁਤੇ ਮਰੀਜ਼ ਬੇਵੱਸ ਹੋ ਕੇ ਪ੍ਰਾਈਵੇਟ ਡਾਕਟਰਾਂ ਕੋਲੋਂ ਮਹਿੰਗੇ ਇਲਾਜ ਕਰਵਾਉਣ ਲਈ ਮਜਬੂਰ ਹਨ।
ਰਾਤ ਵੇਲੇ ਤਾਂ ਹਸਪਤਾਲ ਬਿਨਾਂ ਡਾਕਟਰ ਤੋਂ ਰੱਬ ਆਸਰੇ ਹੀ ਚੱਲਦਾ ਹੈ ਅਤੇ ਜੇ ਕੋਈ ਐਮਰਜੈਂਸੀ ਆ ਜਾਵੇ ਤਾਂ ਉਸ ਨੂੰ ਸਿਵਲ ਹਸਪਤਾਲ ਮੁਕਤਸਰ ਰੈਫਰ ਕੀਤਾ ਜਾਂਦਾ ਹੈ। ਹੋਮਿਓਪੈਥੀ ਡਾਕਟਰ ਦੀ ਪੋਸਟ ਵੀ ਖਾਲੀ ਪਈ ਹੈ ਅਤੇ ਆਰਯੂਵੈਦਿਕ ਡਾਕਟਰ ਵੀ ਪਿਛਲੇ ਲੰਮੇਂ ਤੋਂ ਨਹੀਂ ਹਨ ਅਤੇ ਫਾਰਮਾਸਿਸਟ ਹੀ ਦੇਸੀ ਦਵਾਈਆਂ ਨਾਲ ਡੰਗ ਟਪਾ ਰਿਹਾ ਹੈ। ਬਾਕੀ ਨਰਸਿੰਗ ਸਟਾਫ, ਕਲਰਕਾਂ ਆਦਿ ਦੇ ਨਾਲ ਦਰਜਾ ਚਾਰ ਦੀ 25 ਮੁਲਾਜ਼ਮਾਂ ਦੀ ਫੌਜ ਪੂਰੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਹਸਪਤਾਲ ਕੋਲ ਐਂਬੂਲੈਂਸ ਨਹੀਂ ਹੈ ਅਤੇ ਉਮਰ ਭੋਗ ਚੁੱਕੀ ਇਕ ਗੱਡੀ ਹੈ ਜੋ ਸਾਰੇ ਕੰਮਾਂ ਲਈ ਵਰਤੀ ਜਾਂਦੀ ਹੈ ਅਤੇ ਇਕ ਡਰਾਈਵਰ ਦੀ ਘਾਟ ਹੈ। ਹਸਪਤਾਲ ਵਿਚ ਡਿਜੀਟਲ ਐਕਸਰੇਅ ਮਸ਼ੀਨ ਨਾ ਹੋਣ ਕਾਰਨ ਮਰੀਜ਼ ਖੱਜਲ ਹੁੰਦੇ ਹਨ। ਇਸ ਅਧੀਨ ਪੈਂਦੇ ਕੋਟਭਾਈ, ਮੱਲਣ, ਗੁਰੂਸਰ ਬਾਦੀਆਂ, ਮਧੀਰ ਮਿਨੀ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਵੀ ਕੋਈ ਡਾਕਟਰ ਨਹੀਂ ਹੈ। ਡਾਕਟਰਾਂ ਅਤੇ ਸਟਾਫ ਦੀਆਂ ਕੋਠੀਆਂ ਅਤੇ ਕੁਆਰਟਰਾਂ ਦੀ ਹਾਲਤ ਅਤਿ ਖਸਤਾ ਹੋਣ ਕਰਕੇ ਉਥੇ ਕਬੂਤਰ ਬੋਲਦੇ ਹਨ। ਹਸਪਤਾਲ ਵਿਚ ਪੀਣ ਅਤੇ ਆਮ ਵਰਤੋਂ ਵਾਲੇ ਪਾਣੀ ਦਾ ਵੀ ਵਧੀਆ ਪ੍ਰਬੰਧ ਨਹੀਂ ਹੈ। ਹਸਪਤਾਲ ਵਿਚ ਸਫਾਈ ਦਾ ਹਾਲ ਚੰਗਾ ਨਹੀਂ ਹੈ, ਕੁੱਤੇ ਅਤੇ ਪਸ਼ੂ ਘੁੰਮਦੇ ਰਹਿੰਦੇ ਹਨ। ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਮੁਹੱਲਾਂ ਕਲੀਨਿਕਾਂ ਖੋਲ੍ਹਣ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਭਰੀਆਂ ਜਾਣ, ਪੂਰੀਆਂ ਦਵਾਈਆਂ, ਪਾਣੀ ਅਤੇ ਸਫਾਈ ਆਦਿ ਦਾ ਪੂਰਨ ਪ੍ਰਬੰਧ ਕੀਤਾ ਜਾਵੇ। ਉਕਤ ਘਾਟਾਂ ਸਬੰਧੀ ਜਦ ਐਸਐਮਓ ਡਾ. ਦੀਪਕ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਘਾਟ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਿਆ ਹੈ।