ਰਾਜਿੰਦਰ ਵਰਮਾ
ਭਦੌੜ, 21 ਜੁਲਾਈ
ਪ੍ਰਾਈਵੇਟ ਸਕੂਲਾਂ ਲਈ ਗੱਡੀਆਂ ਚਲਾ ਕੇ ਆਪਣਾ ਘਰ ਚਲਾ ਰਹੇ ਪ੍ਰਾਈਵੇਟ ਬੱਸ ਮਾਲਕਾਂ ਦਾ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇੱਥੇ ਅੱਜ ਪ੍ਰਾਈਵੇਟ ਸਕੂਲ ਬੱਸ ਅਪਰੇਟਰਾਂ ਨੇ ਇਕੱਠੇ ਹੋ ਕੇ ਕਾਲੀਆਂ ਝੰਡੀਆਂ ਦਿਖਾ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਬੱਸ ਮਾਲਕਾਂ ਗੁਰਸੇਵਕ ਸਿੰਘ, ਨਿਰਮਲ ਸਿੰਘ ਸ਼ਹਿਣਾ, ਕੁਲਦੀਪ ਸਿੰਘ, ਬਲਵੰਤ ਸਿੰਘ, ਜਸਪਾਲ ਸਿੰਘ ਅਤੇ ਭੋਲਾ ਸਿੰਘ ਸ਼ਹਿਣਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਲੋਨ ’ਤੇ ਹਨ ਅਤੇ ਉਨ੍ਹਾਂ ਦਾ ਗੁਜ਼ਾਰਾ ਸਿਰਫ਼ ਬੱਸਾਂ ਦੇ ਸਹਾਰਾ ਚੱਲਦਾ ਸੀ ਪਰ ਹੁਣ ਕਰੋਨਾ ਮਹਾਮਾਰੀ ਕਰਕੇ ਸਕੂਲ ਬੰਦ ਹਨ ਜਿਸ ਕਾਰਨ ਕੋਈ ਵੀ ਸਕੂਲ ਬੱਸ ਫੀਸ ਅਦਾ ਨਹੀਂ ਕਰ ਰਿਹਾ ਹੈ। ਇਸ ਕਰਕੇ ਸਾਰੇ ਬੱਸ ਮਾਲਕਾਂ ਨੂੰ ਘਰ ਦਾ ਗੁਜਾਰਾ ਚਲਾਉਣਾ ਔਖਾ ਹੋਇਆ ਪਿਆ ਹੈ, ਉਪਰੋਂ ਸਾਡੀਆਂ ਬੱਸਾਂ ਲੋਨ ਤੇ ਹੋਣ ਕਰਕੇ ਲੋਨ ਕੰਪਨੀਆਂ ਵਾਲੇ ਮਹੀਨਾਵਾਰ ਕਿਸ਼ਤਾਂ ਦੀ ਮੰਗ ਕਰ ਰਹੇ ਹਨ ਅਤੇ ਜੁਰਮਾਨੇ ਵਸੂਲਣ ਦੀ ਵੀ ਧਮਕੀ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲ ਬੱਸਾਂ ਨੂੰ ਟੈਕਸ ਮੁਆਫ਼ ਕੀਤਾ ਜਾਵੇ ਅਤੇ ਪ੍ਰਾਈਵੇਟ ਲੋਨ ਕੰਪਨੀਆਂ ਤੇ ਬੀਮਾ ਕੰਪਨੀਆਂ ਤੋਂ ਵੀ ਛੋਟ ਦਿਵਾਈ ਜਾਵੇ।