ਰਵਿੰਦਰ ਰਵੀ
ਬਰਨਾਲਾ, 29 ਮਾਰਚ
ਜ਼ਿਲ੍ਹਾ ਸਿੱਖਿਆ ਵਿਭਾਗ ਦੀ ਨਿੱਜੀ ਸਕੂਲਾਂ ’ਤੇ ਸਵੱਲੀ ਨਜ਼ਰ ਹੋਣ ਕਾਰਨ ਜ਼ਿਲ੍ਹੇ ਦੇ ਨਿੱਜੀ ਸਕੂਲ ਮਾਲਕਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਦੇ ਨਾਲ ਹੋਰ ਬੇਲੋੜੇ ਫੰਡ ਲੈ ਕੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਜ਼ਿਲ੍ਹੇ ਦੇ ਕਈ ਨਾਮੀ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਸਕੂਲ ਬਿਲਡਿੰਗ ਫੰਡਮਨਮਰਜ਼ੀ ਦੀਆਂ ਕਿਤਾਬਾਂ ਤੇ ਵਰਦੀਆਂ ਲਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸੂਬੇ ਦੇ ਕਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਨੋਟਿਸ ਕੱਢਕੇ ਸਕੂਲ ਦੀ ਫੀਸ ਦਾ ਪੂਰਾ ਵੇਰਵਾ ਯੂਨੀਫਾਰਮ ਦਾ ਰੰਗ ਕਿਤਾਬਾਂ ਕਾਪੀਆਂ ਦੀ ਸੂਚੀ ਵੈਬਸਾਈਟ ਤੇ ਸਕੂਲ ਦੇ ਨੋਟਿਸ ਬੋਰਡ ’ਤੇ ਲਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਕਈ ਮਾਪਿਆਂ ਤੇ ਦੁਕਾਨਦਾਰਾਂ ਨੇ ਨਾਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਈ ਸਕੂਲ ਮਾਲਕਾਂ ਵੱਲੋਂ ਨਿੱਜੀ ਤੌਰ ’ਤੇ ਕਿਤਾਬਾਂ ਕਾਪੀਆਂ ਤੇ ਵਰਦੀਆਂ ਬਣਾਉਣ ਵਾਲੇ ਵਿਕੇਰਤਾਵਾਂ ਨਾਲ ਗੰਢਤੁੱਪ ਕਰਕੇ ਮਾਪਿਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਰੁਪਏ ਦੀ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸਕੂਲ ਪ੍ਰਬੰਧਕ ਆਪਣੀ ਚਮੜੀ ਬਚਾਉਣ ਲਈ ਸਕੂਲ ਅਧਿਆਪਕਾਂ ਰਾਹੀ ਵਿਸ਼ੇਸ਼ ਦੁਕਾਨਾਂ ਤੋਂ ਕਿਤਾਬਾਂ-ਕਾਪੀਆਂ ਤੇ ਵਰਦੀਆਂ ਲੈਣ ਲਈ ਮਾਪਿਆਂ ਤੇ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਨ। ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘਜਨਰਲ ਸਕੱਤਰ ਮੁਕੇਸ ਗੁਜ਼ਰਾਤੀ ਤੇ ਜ਼ਿਲਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿੱਜੀ ਸਕੂਲਾਂ ’ਚ ਸਰਕਾਰੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ।
ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਵਿਭਾਗ ਵੱਲੋਂ ਕਾਫ਼ੀ ਸਮਾਂ ਪਹਿਲਾਂ ਨੋਟਿਸ ਕੱਢਿਆ ਗਿਆ ਸੀ। ਜਦੋਂ ਪ੍ਰਾਈਵੇਟ ਸਕੂਲਾਂ ਦੀ ਜਾਂਚ ਬਾਰੇ ਪੁੱਛਿਆ ਤਾਂ ਉਨ੍ਹਾਂ ਚੁੱਪ ਵੱਟ ਲਈ ਤੇ ਫੋਨ ਕੱਟ ਦਿੱਤਾ।