ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਕਤੂਬਰ
ਮਾਲਵਾ ਖੇਤਰ ਦੇ ਸੈਂਕੜੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਕਰ ਕੇ ਜਿਣਸ ਦੀ ਤੁਲਾਈ ਦੀ ਸਮੱਸਿਆ ਆਉਣ ਲੱਗ ਪਈ ਹੈ। ਕਿਸਾਨ ਕੱਚੀਆਂ ਥਾਵਾਂ ’ਤੇ ਆਪਣੀ ਫ਼ਸਲ ਰੱਖਣ ਲੱਗ ਪਏ ਹਨ ਅਤੇ ਕਈ ਮੰਡੀਆਂ ਵਿਚ ਝੋਨਾ ਤੋਲਣ ਲਈ ਕਿਸਾਨ ਹਫ਼ਤੇ-ਹਫ਼ਤੇ ਤੋਂ ਬੈਠੇ ਹਨ। ਕਈ ਖ਼ਰੀਦ ਕੇਂਦਰਾਂ ’ਚ ਬਾਰਦਾਨੇ ਦੀ ਭਾਰੀ ਘਾਟ ਹੈ।
ਮੰਡੀਆਂ ’ਚੋਂ ਇਕੱਤਰ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮੀਂਹ ਤੋਂ ਬਾਅਦ ਝੋਨੇ ਵਿੱਚ ਸਿੱਲ੍ਹ ਵਧਣ ਕਾਰਨ ਬੋਲੀ ਰੁਕ ਗਈ ਹੈ। ਝੋਨੇ ਨੂੰ ਸੁਕਾਉਣ ਲਈ ਖ਼ਰੀਦ ਕੇਂਦਰਾਂ ਵਿੱਚ ਥਾਂ ਹੀ ਨਹੀਂ ਬਚੀ। ਕਈ ਥਾਵਾਂ ’ਤੇ ਬਾਰਦਾਨੇ ਦੀ ਘਾਟ ਵੀ ਰੜਕਣ ਲੱਗੀ ਹੈ। ਇਕ ਖ਼ਰੀਦ ਏਜੰਸੀ ਦੇ ਅਧਿਕਾਰੀ ਨੇ ਮੰਨਿਆ ਕਿ ਅਨਾਜ ਮੰਡੀਆਂ ਵਿਚ ਅੱਜ ਤੱਕ ਦਾ ਹੀ ਬਾਰਦਾਨਾ ਸੀ।
ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨਾ ਲਾਹੁਣ ਲਈ ਜਗ੍ਹਾ ਨਹੀਂ ਹੈ । ਕਿਸਾਨਾਂ ਨੂੰ ਕੱਚੀ ਥਾਂ ’ਤੇ ਝੋਨਾ ਰੱਖਣ ਲਈ ਮਜਬੂਰ ਹਨ।
ਉਧਰ, ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਭੇਜੀ ਰਿਪੋਰਟ ਵਿਚ ਮੰਨਿਆ ਹੈ ਕਿ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਚੁਕਾਈ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਚੁਕਾਈ ਦੀ ਸਮੱਸਿਆ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਉਪਰਾਲੇ ਹੋਣ ਲੱਗੇ ਹਨ।
ਉਧਰ, ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਅੱਜ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਆਦੇਸ਼ ਕੀਤੇ ਹਨ ਕਿ ਉਹ ਮੰਡੀਆਂ ’ਚੋਂ ਤੁਰੰਤ ਝੋਨਾ ਚੁਕਵਾਉਣ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਮਾਨ ਭੈਣੀਬਾਘਾ ਨੇ ਦੱਸਿਆ ਕਿ ਮੰਡੀਆਂ ਵਿਚ ਚੁਕਾਈ ਨਾ ਹੋਣ ਕਾਰਨ ਨਵਾਂ ਝੋਨਾ ਰੱਖਣ ਲਈ ਜਗ੍ਹਾ ਹੀ ਨਹੀਂ ਬਚੀ।