ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਜਨਵਰੀ
ਅਯੁੱਧਿਆ ਵਿੱਚ ਚੱਲੇ ਭਗਵਾਨ ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਸ਼ਹਿਰ ਦੇ ਪੰਚਾਇਤੀ ਸ਼ਿਵ ਮੰਦਰ, ਨੀਲ ਕੰਠ ਅਮਰਨਾਥ ਸੇਵਾ ਸਮਿਤੀ, ਪੰਚ ਮੁਖੀ ਸ੍ਰੀ ਬਾਲਾ ਜੀ ਮੰਦਰ, ਬਾਬਾ ਅਮਰਨਾਥ ਮੰਦਰ ਅਤੇ ਸ੍ਰੀ ਚਿੰਤਪੁਰਨੀ ਮੰਦਰ ਵਿੱਚ ਸਮਾਗਮ ਕਰਵਾਏ ਗਏ। ਪ੍ਰਬੰਧਕਾਂ ਨੇ ਅਯੁੱਧਿਆ ਸਮਾਗਮ ਦਾ ਸਿੱਧਾ ਪ੍ਰਸਾਰਣ ਦਿਖਾਇਆ। ਮੰਦਰਾਂ ਵਿੱਚ ਸੁੰਦਰ ਕਾਂਡ ਦੇ ਪਾਠ ਕੀਤੇ ਗਏ ਅਤੇ ਭੰਡਾਰੇ ਲਾਏ ਗਏ। ਸਵੇਰ ਸਮੇਂ ਰਾਮ ਭਗਤਾਂ ਵੱਲੋਂ ਪ੍ਰਭਾਤ ਫੇਰੀ ਕੱਢੀ ਗਈ। ਸਮਾਗਮਾਂ ਦੀ ਅਗਵਾਈ ਨਰਦੀਪ ਗਰਗ, ਲਾਜਪਤ ਰਾਏ, ਮਨੋਜ ਟੈਣੀ, ਪਵਨ ਭੋਲਾ, ਅਸ਼ਵਨੀ ਕੁਮਾਰ, ਬਾਬਾ ਸੰਜੇ ਕੁਮਾਰ ਗਾਂਧੀ ਤੇ ਸੰਜੀਵ ਮਹਿਤਾ ਨੇ ਕੀਤੀ। ਪੰਚ ਮੁਖੀ ਸ੍ਰੀ ਬਾਲਾ ਜੀ ਮੰਦਰ ਵਿੱਚ ਸ਼ਰਧਾਲੂਆਂ ਦੇ ਦਰਸ਼ਨਾਂ ਰਾਮ ਸ਼ਿਲਾ ਰੱਖੀ ਗਈ।
ਸ਼ਹਿਣਾ (ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਸਮਰਪਿਤ ਸਥਾਨਕ ਸ਼੍ਰੀ ਗੀਤਾ ਭਵਨ ਵਿੱਚ ਸਮਾਗਮ ਕੀਤੇ ਗਏ। ਭਗਵਾਨ ਸ਼੍ਰੀ ਰਾਮ ਦੀ ਜੋਤ ਅੱਗੇ ਸੈਂਕੜੇ ਲੋਕ ਨਤਮਸਤਕ ਹੋਏ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਵੀ ਲਾਇਆ ਗਿਆ। ਇਸੇ ਤਰ੍ਹਾਂ ਪ੍ਰਤਾਪੀ ਮੰਦਰ ਵਿੱਚ ਵੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕ੍ਰਿਸ਼ਨਾ ਗੋਪਾਲ ਵਿੱਕੀ, ਬੋਬੀ ਸੋਬਤੀ, ਮਹਿੰਦਰ ਸਿੰਘ ਬਬਲੀ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਬਰਫ਼ੀ ਤੇ ਚਾਹ ਦਾ ਲੰਗਰ ਲਾਇਆ ਗਿਆ। ਇਸ ਮੌਕੇ ਛੋਟੇ ਬੱਚਿਆਂ ਨੂੰ ਤੋਹਫ਼ੇ ਵੰਡੇ ਗਏ।
ਕਾਲਾਂਵਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਸ਼੍ਰੀ ਦੁਰਗਾ ਮੰਦਰ ਅਤੇ ਹੋਰਨਾਂ ਮੰਦਿਰਾਂ ’ਚ ਧਾਰਮਿਕ ਸਮਾਗਮ ਕਰਵਾਏ ਗਏ। ਸ਼ਹਿਰ ਦੇ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਦੇਖ-ਰੇਖ ਹੇਠ ਸ੍ਰੀ ਰਮਾਇਣ ਦੇ ਪਾਠ ਕੀਤੇ ਗਏ, ਇਸ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ। ਮੰਦਰ ਦੇ ਪੁਜਾਰੀ ਬੰਟੀ ਸ਼ਰਮਾ, ਸ਼ੰਮੀ ਸ਼ਰਮਾ, ਵਰਿੰਦਰ ਸ਼ਰਮਾ ਨੇ ਮੰਤਰ ਜਾਪ ਦੀ ਰਸਮ ਅਦਾ ਕੀਤੀ। ਪ੍ਰੋਗਰਾਮ ਦੌਰਾਨ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਐੱਸ.ਡੀ. ਸਕੂਲ ਦੇ ਬੱਚਿਆਂ ਵੱਲੋਂ ਭਗਵਾਨ ਸ੍ਰੀ ਰਾਮ ਅਤੇ ਹੋਰਨਾਂ ਦੀਆਂ ਸੁੰਦਰ ਪੇਂਟਿੰਗਾਂ ਬਣਾਈਆਂ ਗਈਆਂ। ਸ੍ਰੀ ਹਨੂੰਮਾਨ ਮੰਦਿਰ ਵਿੱਚ ਵੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਸ਼ਿਵਬਾੜੀ ਵਿਖੇ ਵੀ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ।ਮਾਡਲ ਟਾਊਨ ਵਿੱਚ ਲੋਕਾਂ ਵੱਲੋਂ ਹਵਨ ਕੀਤਾ ਗਿਆ, ਜਿਸ ਵਿੱਚ ਸਾਬਕਾ ਵਿਧਾਇਕ ਬਲਕੌਰ ਸਿੰਘ ਨੇ ਸ਼ਿਰਕਤ ਕੀਤੀ। ਮੰਦਿਰ ਕਮੇਟੀ ਅਤੇ ਸਹਾਰਾ ਸਰਬੱਤ ਸੇਵਾ ਟਰੱਸਟ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਖਾਟੂ ਸ਼ਿਆਮ ਮੰਦਿਰ ਵਿਖੇ ਪਹਿਲਾ ਖੂਨਦਾਨ ਕੈਂਪ ਲਾਇਆ ਗਿਆ।
ਜ਼ੀਰਾ (ਪੱਤਰ ਪ੍ਰੇਰਕ): ਇੱਥੋਂ ਦੇ ਵੱਖ-ਵੱਖ ਮੰਦਰਾਂ ਅਤੇ ਗਊਸ਼ਾਲਾਵਾਂ ਵਿੱਚ ਹਵਨ ਯੱਗ ਕਰਵਾਏ ਗਏ। ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਜਗ੍ਹਾ-ਜਗ੍ਹਾ ’ਤੇ ਲੰਗਰ ਲਗਾਏ ਗਏ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਹਾਜ਼ਰੀ ਲਵਾਈ ਅਤੇ ਲੰਗਰ ਦੀ ਸੇਵਾ ਕੀਤੀ।
ਵੱਖ-ਵੱਖ ਮੰਦਰਾਂ ’ਚ ਨਤਮਸਤਕ ਹੋਏ ਕੈਬਨਿਟ ਮੰਤਰੀ ਬਲਜੀਤ ਕੌਰ
ਮਲੋਟ (ਨਿੱਜੀ ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਸਮਾਗਮ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਸਜਾਇਆ ਗਿਆ। ਲੋਕਾਂ ਵੱਲੋਂ ਪਟਾਕੇ ਚਲਾਏ ਗਏ ਅਤੇ ਵੱਖ-ਵੱਖ ਥਾਵਾਂ ’ਤੇ ਚਾਹ ਅਤੇ ਪਕੌੜਿਆਂ ਆਦਿ ਦੇ ਲੰਗਰ ਲਾਏ ਗਏ। ਇਸ ਮੌਕੇ ਜਿੱਥੇ ਸ਼ਹਿਰ ਵਾਸੀ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ, ਉੱਥੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਕਈ ਮੰਦਰਾਂ ਵਿੱਚ ਮੱਥਾ ਟੇਕਿਆ। ਇਸ ਮੌਕੇ ‘ਦਿ ਐਡਵਰਡਗੰਜ ਪਬਲਿਕ ਵੈੱਲਫੇਅਰ ਸੋਸਾਇਟੀ’ ਦੀ ਚੇਅਰਪਰਸਨ ਸਾਰਿਕਾ ਗਰਗ, ਜੌਨੀ ਗਰਗ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਔਲਖ, ਗੁਰਪ੍ਰੀਤ ਸਿੰਘ ਵਿਰਦੀ ਤੇ ਟਿੰਕਾ ਗਰਗ ਤੋਂ ਇਲਾਵਾ ਹੋਰ ਕਈ ਸੀਨੀਅਰ ‘ਆਪ’ ਆਗੂ ਹਾਜ਼ਰ ਸਨ।
ਮਾਨਸਾ ਵਾਸੀਆਂ ਨੇ ਅਯੁੱਧਿਆ ਵਿੱਚ ਭੰਡਾਰਾ ਲਾਇਆ
ਮਾਨਸਾ (ਪੱਤਰ ਪ੍ਰੇਰਕ): ਅਯੁੱਧਿਆ ਦੇ ਰਾਮ ਮੰਦਿਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਮਾਨਸਾ ਸ਼ਹਿਰ ’ਚੋਂ ਸ੍ਰੀ ਹਰ-ਹਰ ਮਹਾਂਦੇਵ ਮੰਡਲ ਵੱਲੋਂ ਅਯੁੱਧਿਆ ਵਿੱਚ ਦੇਸੀ ਘਿਓ ਦੇ ਛੋਲੇ-ਪੂਰੀਆਂ, ਘੜਾਹ ਪ੍ਰਸ਼ਾਦ, ਖੀਰ ਅਤੇ ਵੱਖ-ਵੱਖ ਪਕਵਾਨਾਂ ਦਾ ਭੰਡਾਰਾ ਆਰੰਭ ਕੀਤਾ ਹੋਇਆ ਹੈ। ਇਹ ਭੰਡਾਰਾ ਮਾਨਸਾ ਸ਼ਹਿਰ ਦੇ ਮੰਡਲ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਅਯੁੱਧਿਆ ਵਿੱਚ ਪਹਿਲੀ ਵਾਰ ਲਾਇਆ ਗਿਆ ਹੈ। ਸ੍ਰੀ ਦਾਨੇਵਾਲੀਆ ਨੇ ਕਿਹਾ ਕਿ ਭੰਡਾਰ ਵਿੱਚ ਮਾਨਸਾ ਤੋਂ 150 ਕਰੀਬ ਮੈਂਬਰ ਅਤੇ ਸੰਗਤ ਵੱਧ-ਚੜ੍ਹਕੇ ਸਹਿਯੋਗ ਕਰ ਰਹੀ ਹੈ। ਇਸੇ ਦੌਰਾਨ ਮਾਨਸਾ ਸ਼ਹਿਰ ਵਿੱਚ ਜਾਗੋ ਕੱਢੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।