ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 31 ਮਾਰਚ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧੰਨਵਾਦੀ ਦੌਰੇ ਦੌਰਾਨ ਜਨ ਸਭਾਵਾਂ ਨੂੰ ਸਬੋਧਨ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਅਤੇ ਗਾਰੰਟੀਆਂ ਨੂੰ ਜਲਦੀ ਪੂਰੀਆਂ ਕਰੇਗੀ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਲੇਲੇਵਾਲਾ, ਚੱਠੇਵਾਲਾ, ਨਸੀਬਪੁਰਾ, ਜੀਵਨ ਸਿੰਘ ਵਾਲਾ, ਮਾਨ ਵਾਲਾ, ਨਵਾਂ ਪਿੰਡ, ਭਗਵਾਨਪੁਰਾ ਆਦਿ ਪਿੰਡਾਂ ਵਿੱਚ ਲੋਕਾਂ ਦੇ ਇਕੱਠਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਾੇ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਹੱਕ ਵਿੱਚ ਲਗਾਤਾਰ ਦੂਜੀ ਵਾਰ ਫ਼ਤਵਾ ਦੇ ਕੇ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਚਾਹੇ ਪਿਛਲੀ ਵਾਰ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਨੂੰ ਹਲਕੇ ਦਾ ਵਿਕਾਸ ਕਰਵਾਉਣ ਅਤੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਹੁਣ ਉਨ੍ਹਾਂ ਦੀ ਆਪਣੀ ਸਰਕਾਰ ਬਣਨ ਕਰਕੇ ਹਲਕਾ ਵਾਸੀਆਂ ਦੇ ਸਾਰੇ ਓਲਾਂਭੇ ਲਾਹ ਦਿੱਤੇ ਜਾਣਗੇ। ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਦੋ ਹਫ਼ਤੇ ਪਹਿਲਾਂ ਹੀ ਬਣੀ ‘ਆਪ’ ਸਰਕਾਰ ਵੱਲੋਂ ਲਏ ਵੱਡੇ ਫੈਸਲਿਆਂ ਤੋਂ ਪੰਜਾਬ ਵਾਸੀ ਬਾਗੋ ਬਾਗ ਹਨ। ਉਨ੍ਹਾਂ ਲੋਕਾਂ ਨੂੰ ‘ਆਪ’ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਧੰਨਵਾਦੀ ਦੌਰੇ ਮੌਕੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚਣ ’ਤੇ ਲੋਕਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਵਿਧਾਇਕ ਨਾਲ ਇਸ ਮੌਕੇ ਜਥੇਦਾਰ ਦਰਸ਼ਨ ਸਿੰਘ ਜਗਾ, ਉਦੈਵੀਰ ਸਿੰਘ ਆਦਿ ਹਾਜ਼ਰ ਸਨ।