ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੁਲਾਈ
ਇਥੇ ਨਵੀਂ ਅਨਾਜ ਮੰਡੀ ਵਿੱਚ ਪੇਂਡੂ ਖੇਤ ਮਜ਼ਦੂਰਾਂ ਨੇ ਰੋਸ ਰੈਲੀ ਕਰਕੇ ਕੈਪਟਨ ਸਰਕਾਰ ਨੂੰ ਵਾਅਦੇ ਚੇਤੇ ਕਰਵਾਏ। ਇਸ ਮੌਕੇ ਹਾਕਮ ਧਿਰ ਦੇ ਵਿਧਾਇਕ ਦੇ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ ਅਤੇ 9,10,11 ਅਗਸਤ ਨੂੰ ਪਟਿਆਲਾ ਵਿਖੇ ਸੰਘਰਸ਼ ’ਚ ਵੱਡੀ ਗਿਣਤੀ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੰਤ ਮੱਖੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾਂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਹਿੰਮਤਪੁਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੂਬਾ ਆਗੂ ਗਿੰਦਰ ਸਿੰਘ ਰੋਡੇ ਤੇ ਹੋਰਾਂ ਨੇ ਸੰਬੋਧਨ ’ਚ ਕਿਹਾ ਕਿ ਕੈਪਟਨ ਸਰਕਾਰ ਮਜ਼ਦੂਰਾਂ ਨਾਲ ਕੀਤੇ ਵਾਅਦੇ ਜਿੱਥੇ ਵਿਸਾਰ ਚੁੱਕੀ ਹੈ, ਉੱਥੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨ ਕਾਰਨ ਗਰੀਬਾਂ ਨੂੰ ਰੋਟੀ ਦੇ ਲਾਲੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ’ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਮਜ਼ਦੂਰਾਂ ਨੂੰ ਨਵੀਂ ਗੁਲਾਮੀ ਵੱਲ ਧੱਕ ਰਹੀਆਂ ਹਨ। ਉਨ੍ਹਾਂ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ ਕੀਤੇ ਜਾਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਾਏ ਜਾਣ, ਬਿਜਲੀ ਬਿੱਲਾਂ ਦੀ ਮੁਆਫ਼ੀ ਤੇ ਮਜ਼ਦੂਰਾਂ ਦੇ ਕੱਟੇ ਗਏ ਕੁਨੈਕਸ਼ਨ ਮੁੜ ਬਹਾਲ ਕਰਾਏ ਜਾਣ, ਲੈਂਡ ਸੀਲਿੰਗ ਐਕਟ ਸਖਤੀ ਨਾਲ ਲਾਗੂ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ’ਚ ਵੰਡੇ ਜਾਣ ਆਦਿ ਮੰਗਾਂ ਸਬੰਧੀ ਸੰਘਰਸ਼ ਜਾਰੀ ਰਹੇਗਾ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਕਾਂਗੜ ਵਿੱਚ ਪੁੱਜੇ ਸੈਂਕੜੇ ਮਜ਼ਦੂਰਾਂ ਵੱਲੋਂ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਮੰਤਰੀ ਦੇ ਪਿੰਡ ਨਾ ਹੋਣ ਕਰਕੇ ਮਜ਼ਦੂਰ ਆਗੂ ਮੰਤਰੀ ਦੇ ਪੀਏ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਮੰਗ ਪੱਤਰ ਲੈਣ ਨਹੀਂ ਆਇਆ ਤਾਂ ਰੋਹ ਵਿੱਚ ਆਏ ਮਜ਼ਦੂਰਾਂ ਨੇ ਪਿੰਡ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਮੰਗ ਪੱਤਰ ਮਾਲ ਮੰਤਰੀ ਦੇ ਘਰ ਅੱਗੇ ਚਿਪਕਾ ਦਿੱਤਾ।
ਮਜ਼ਦੂਰ ਜਥੇਬੰਦੀਆਂ ਨੇ ਵਿਧਾਇਕ ਰਾਜਾ ਵੜਿੰਗ ਦਾ ਘਰ ਘੇਰਿਆ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਖੇਤ ਮਜ਼ਦੂਰਾਂ ਸਿਰ ਚੜ੍ਹੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ਨੂੰ ਨਾਜਾਇਜ਼ ਦੱਸਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਊਕੇ, ਲਖਵੰਤ ਸਿੰਘ ਕਿਰਤੀ ਦੀ ਅਗਵਾਈ ਹੇਠ ਸੈਂਕੜੇ ਖੇਤ ਮਜ਼ਦੂਰਾਂ ਨੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕਰਕੇ ਕਰਜ਼ਾ ਮੁਆਫ਼ੀ ਸਣੇ ਹੋਰ ਮੰਗਾਂ ਪੂਰੀਆਂ ਕਰਨ ਦੀ ਗੁਹਾਰ ਲਾਈ। ਇਸ ਮੌਕੇ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਤੇ ਤਿੰਨ ਥਾਵਾਂ |ਤੇ ਮਜ਼ਬੂਤ ਰੋਕਾਂ ਲਾਈਆਂ ਗਈਆਂ ਸਨ, ਜਿਨ੍ਹਾ ਨੂੰ ਮਜ਼ਦੂਰਾਂ ਨੇ ਕਰੜੇ ਸੰਘਰਸ਼ ਉਪਰੰਤ ਪਾਰ ਕੀਤਾ। ਇਸ ਮੌਕੇ ਕਾਲਾ ਖੂਨਣ ਖ਼ੁਰਦ, ਕਾਕਾ ਖੁੰਡੇ ਹਲਾਲ, ਬੇਅੰਤ ਸਿੰਘ ਸਾਬਕਾ ਸਰਪੰਚ ਵੰਗਲ, ਜਸਵਿੰਦਰ ਸਿੰਘ ਸੰਗੂਧੌਣ,ਬਾਜ ਸਿੰਘ ਭੁੱਟੀਵਲਾ, ਰਾਜਾ ਖੂਨਣ ਖ਼ੁਰਦ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਤਿੰਨ ਰੋਜ਼ਾ ਮਜ਼ਦੂਰ ਧਰਨੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।