ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਜੂਨ
ਪੰਜਾਬ ਪੁਲੀਸ ਵੱਲੋਂ ਸੂਬੇ ’ਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਤਹਿਤ ਇਥੇ ਕਸਬਾ ਫ਼ਤਿਹਗੜ੍ਹ ਪੰਜਤੂਰ ਵਿੱਚ ਇੱਕ ਤਸਕਰ ਦੀ 15 ਲੱਖ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਥੇ ਜ਼ਿਲ੍ਹੇ ਦੇ ਐੱਸਪੀ (ਆਈ) ਡਾ. ਬਾਲ ਕ੍ਰਿਸ਼ਨ ਤੇ ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਤਸਕਰੀ ਧੰਦੇ ਤੋਂ ਬਣਾਈ ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਉੱਪਰ ਰੋਕ ਲਾਉਣ ਦੇ ਨੋਟਿਸ ਚਿਪਕਾਏ ਹਨ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਤਸਕਰੀ ਦੋਸ਼ ਹੇਠ 10 ਸਾਲ ਦੀ ਕੈਦ ਕੱਟ ਰਹੇ ਗੁਰਦਿਆਲ ਸਿੰਘ ਉਰਫ਼ ਦੱਲੂ ਵਾਸੀ ਫ਼ਤਿਹਗੜ੍ਹ ਪੰਜਤੂਰ ਦੀ ਜਾਇਦਾਦ 15,73 ਲੱਖ ਰੁਪਏ ਜਾਇਦਾਦ ਦੀ ਸ਼ਨਾਖ਼ਤ ਕਰਕੇ ਇਸ ਅਚੱਲ ਜਾਇਦਾਦ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਕਥਿਤ ਗ਼ੈਰ-ਕਾਨੂੰਨੀ ਜਾਇਦਾਦ ਨੂੰ 68 ਐੱਫ ਐੱਨਡੀਪੀਐੱਸ ਐਕਟ ਤਹਿਤ ਫ਼ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਇਹ ਕੇਸ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਬਤ ਹੋਈ ਪ੍ਰਾਪਰਟੀ ਅੱਗੇ ਵੇਚੀ/ਖ਼ਰੀਦੀ ਨਹੀਂ ਜਾ ਸਕਦੀ ਅਤੇ ਨਾ ਹੀ ਕਿਸੇ ਹੋਰ ਦੇ ਨਾਂਅ ਤਬਦੀਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨੀ ਕਾਰਵਾਈ ਹੋਰਾਂ ਨੂੰ ਵੀ ਨਸੀਹਤ ਦੇਣ ਵਾਲੀ ਹੈ ਕਿ ਅਜਿਹੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦਾ ਹਸ਼ਰ ਮਾੜਾ ਹੀ ਹੁੰਦਾ ਹੈ ਅਤੇ ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ਼ ਕਰੇ।
ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਉਰਫ਼ ਦੱਲੂ ਦੀ ਜਾਇਦਾਦ 15.73 ਲੱਖ ਜਾਇਦਾਦ ਦੀ ਸ਼ਨਾਖ਼ਤ ਕਰਕੇ ਇਹ ਅਚੱਲ ਸੰਪਤੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ।