ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਕਤੂਬਰ
ਪਰਮਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਨੂੰ ਉਨ੍ਹਾਂ ਦੇ 59ਵੇਂ ਸ਼ਹੀਦੀ ਦਿਹਾੜੇ ਉੱਤੇ ਜ਼ਿਲ੍ਹਾ ਸਕੱਤਰੇਤ ’ਚ ਸਥਾਪਤ ਸਮਾਰਕ ’ਤੇ ਫ਼ੌਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਨਾਇਬ ਸੂਬੇਦਾਰ ਦਸ਼ਰਥ ਸਿੰਘ ਦੀ ਅਗਵਾਈ ਹੇਠ ਫ਼ੌਜ ਦੀ 21 ਗਰਨੇਡੀਅਰ ਬਟਾਲੀਅਨ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਗਾਰਡ-ਆਫ਼-ਆਨਰ ਦਿੱਤਾ ਗਿਆ। ਇਸ ਮੌਕੇ ਡੀਸੀ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਹਰੀਸ਼ ਨਈਅਰ, ਜੀਓਸੀ, 7 ਇਨਫੈਂਟਰੀ ਡਿਵੀਜ਼ਨ ਵੱਲੋਂ ਕਮਾਂਡਿੰਗ ਅਫ਼ਸਰ ਕਰਨਲ ਕਪਿਲ ਵਰਸ਼ਨੇ 21 ਗਰਨੇਡੀਅਰ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸ਼ਹੀਦ ਦੀ ਪੁੱਤਰੀ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਸਬ-ਇੰਸਪੈਕਟਰ ਸੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਏਡੀਸੀ (ਜ) ਹਰਚਰਨ ਸਿੰਘ, ਉਪ ਮੰਡਲ ਮੈਜਿਸਟਰੇਟ ਸਤਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਕਪਿਲ ਵਰਸ਼ਨੇ 21 ਗਰਨੇਡੀਅਰ ਵੱਲੋਂ ਕੁਲਵੰਤ ਕੌਰ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 13 ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ 2.60 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਨਾਲ ਲੜਦਿਆਂ ਆਪਣੀ ਜਾਨ ਵਾਰ ਦਿੱਤੀ ਸੀ। ਉਹ ਪਿੰਡ ਮਾਹਲਾ ਕਲਾਂ ਦੇ ਰਹਿਣ ਵਾਲੇ ਸਨ। ਉਹ ਪਹਿਲੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਸਨ।