ਪੱਤਰ ਪ੍ਰੇਰਕ
ਮਾਨਸਾ, 8 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਇਰਲਾ ਵੱਲੋਂ ਇਥੇ ਡੀਐੱਸਪੀ (ਡੀ) ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਲੰਬੇ ਸਮੇਂ ਤੋਂ ਬਰੇਟਾ ਮੰਡੀ ਦੇ ਆੜ੍ਹਤੀਏ ਖਿਲਾਫ਼ ਦਿੱਤੀ ਦਰਖਾਸਤ ’ਤੇ 8 ਮਹੀਨਿਆਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਇਸ ਸਬੰਧੀ ਮਜ਼ਦੂਰ ਮੁਕਤੀ ਮੋਰਚਾ ਤਹਿਸੀਲ ਬੁਢਲਾਡਾ ਦੇ ਪ੍ਰਧਾਨ ਤਰਸੇਮ ਸਿੰਘ ਬਹਾਦਰਪੁਰ ਨੂੰ ਜਾਤੀ ਤੌਰ ’ਤੇ ਅਪਸ਼ਬਦ ਬੋਲੇ ਗਏ ਅਤੇ ਪਰਵਾਸੀ ਮਜਦੂਰਾਂ ਦੇ ਕੀਤੇ ਗਏ ਕੰਮ ਦੇ ਪੈਸੇ ਨਾ ਦੇਣ, ਜਿਸ ਦੀ ਵੀਡੀਓ ਕਲਿੱਪ ਅਤੇ ਸੋਸ਼ਲ ਮੀਡੀਆ ’ਤੇ ਆੜ੍ਹਤੀਏ ਦੇ ਪੋਤੇ ਵੱਲੋਂ ਕੀਤੇ ਕੁਮੈਂਟ ਪੁਲੀਸ ਨੂੰ ਸਾਰੇ ਸਬੂਤ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ’ਤੇ ਚੱਲਦਿਆਂ ਅੱਜ ਜਥੇਬੰਦੀ ਵੱਲੋਂ ਡੀਐੱਸਪੀ ਡੀ ਮਾਨਸਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੀਏ ਸਟਾਫ ਦੇ ਇੰਚਾਰਜ ਨੂੰ ਮੌਕੇ ’ਤੇ ਬੁਲਾ ਕੇ ਆਗੂਆਂ ਨਾਲ ਗੱਲਬਾਤ ਕਰਵਾਈ ਅਤੇ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ ਕਸੂਰਵਾਰ ਆੜ੍ਹਤੀਏ ਅਤੇ ਉਹਦੇ ਪੋਤੇ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਆਗੂਆਂ ਨੇ ਜਥੇਬੰਦੀ ਦੇ ਸਾਰੇ ਵਰਕਰਾਂ ਨਾਲ ਗੱਲ ਕਰਕੇ ਪ੍ਰਸ਼ਾਸਨ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ।ਇਸ ਮੌਕੇ ਘੁਮੰਡ ਸਿੰਘ ਖਾਲਸਾ, ਨਿਰੰਜਣ ਸਿੰਘ ਮਾਖਾ, ਗੁਰਸੇਵਕ ਸਿੰਘ ਸੱਦਾ ਸਿੰਘ ਵਾਲਾ, ਬਿੱਟੂ ਸਿੰਘ ਖੋਖਰ, ਤੋਤਾ ਸਿੰਘ ਤਾਲਵਾਲਾ, ਜੀਤ ਸਿੰਘ ਬੋਹਾ,ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।