ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਨੇੜਲੇ ਪਿੰਡ ਠੂਠਿਆਂਵਾਲੀ ਵਿੱਚ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਗਰਿੱਡ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦੀ ਗੱਲ ਕਹਿ ਰਹੀ ਹੈ ਪਰ ਬਿਜਲੀ ਮਸਾਂ 4 ਘੰਟੇ ਹੀ ਆ ਰਹੀ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਗਰਿੱਡ ਵਿੱਚੋਂ ਮਾਨਸਾ ਜ਼ਿਲ੍ਹੇ ਦੇ 12-13 ਪਿੰਡਾਂ ਨੂੰ ਸਪਲਾਈ ਪੰਜ ਤੋਂ ਚਾਰ ਘੰਟੇ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕਟੌਤੀ ਕਾਰਨ ਪਾਣੀ ਪੂਰਾ ਨਾ ਹੋਣ ਕਰਕੇ ਲਾਇਆ ਹੋਇਆ ਝੋਨਾ ਬਰਬਾਦ ਹੋ ਰਿਹਾ ਹੈ ਅਤੇ ਮਜਬੂਰੀਵੱਸ ਕਿਸਾਨਾਂ ਨੂੰ ਝੋਨਾ ਤੇ ਨਰਮੇ ਦੀ ਫ਼ਸਲ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ ਅਤੇ ਘਰੇਲੂ ਬਿਜਲੀ ਸਪਲਾਈ ਦੇ ਵਾਰ-ਵਾਰ ਲੱਗ ਰਹੇ ਲੰਬੇ ਕੱਟਾਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ।
ਇਸੇ ਦੌਰਾਨ ਕਿਸਾਨਾਂ ਦੇ ਧਰਨੇ ਵਿੱਚ ਪਾਵਰਕੌਮ ਦੇ ਅਧਿਕਾਰੀ ਗੁਰਜੰਟ ਸਿੰਘ ਨੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਵਿੱਚ ਬਿਜਲੀ ਸਪਲਾਈ ਆਮ ਦਿਨਾਂ ਵਾਂਗ 8 ਘੰਟੇ ਕੀਤੀ ਜਾਵੇਗੀ ਅਤੇ ਘਰੇਲੂ ਬਿਜਲੀ ਨਿਰਵਿਘਨ 24 ਘੰਟੇ ਚੱਲਗੀ। ਜਥੇਬੰਦੀ ਵੱਲੋਂ ਜਿਸ ਤੋਂ ਪਿੱਛੋ ਗਰਿੱਡ ਦਾ ਘਿਰਾਓ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਬਲਵਿੰਦਰ ਸ਼ਰਮਾ ਖਿਆਲਾ, ਹਰਦੇਵ ਸਿੰਘ ਰਾਠੀ, ਪੱਪੀ ਖ਼ਿਆਲਾ, ਵਰਿਆਮ ਸਿੰਘ ਖਿਆਲਾ, ਲੀਲਾ ਸਿੰਘ, ਸੁੱਖੀ ਨੰਗਲ, ਕੁਲਵੰਤ ਸੱਦਾ ਸਿੰਘ ਵਾਲਾ, ਜਗਦੇਵ ਮੂਸਾ, ਗੁਰਪ੍ਰੀਤ ਖਿਆਲਾ, ਕਾਕਾ ਸਿੰਘ, ਨੈਬ ਸਿੰਘ ਔਤਾਂਵਾਲੀ, ਮਨਜੀਤ ਸਿੰਘ ਖਿਆਲਾ ਅਤੇ ਰੂਪ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।
ਪੂਰੀ ਬਿਜਲੀ ਦੇ ਵਾਅਦੇ ਨਾਲ ਸੜਕ ਜਾਮ ਸਮਾਪਤ
ਲੰਬੀ (ਇਕਬਾਲ ਸਿੰਘ ਸ਼ਾਂਤ): ਪਾਵਰਕੌਮ ਅਫ਼ਸਰਾਂ ਦੇ ਪੂਰੀ ਬਿਜਲੀ ਦੇ ਵਾਅਦੇ ਨਾਲ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਮਹਿਣਾ ’ਚ ਚਾਰ ਦਿਨਾਂ ਤੋਂ ਜਾਮ ਡੱਬਵਾਲੀ-ਮਲੋਟ ਕੌਮੀ ਸ਼ਾਹ ਸੜਕ-9 ਖੋਲ੍ਹ ਦਿੱਤੀ ਗਈ। ਅੱਜ ਪਾਵਰਕੌਮ ਦੇ ਵਧੀਕ ਨਿਗਰਾਨ ਇੰਜਨੀਅਰ ਰਾਜਿੰਦਰ ਕੁਮਾਰ, ਲੰਬੀ ਸਬ-ਡਿਵੀਜ਼ਨ ਦੇ ਐਸ.ਡੀ.ਓ ਅਮਨਦੀਪ ਕੰਬੋਜ ਅਤੇ ਲੰਬੀ ਥਾਣਾ ਦੇ ਮੁਖੀ ਚੰਦਰ ਸ਼ੇਖਰ ਮਹਿਣਾ ਵਿੱਚ ਸੜਕ ਜਾਮ ਦੌਰਾਨ ਪੁੱਜੇ ਜਿੱਥੇ ਉਨ੍ਹਾਂ ਭਾਕਿਯੂ ਸਿੱਧੂਪੁਰ ਦੇ ਮੁਜ਼ਾਹਰਾਕਾਰੀ ਲੀਡਰਸ਼ਿਪ ਅਵਤਾਰ ਸਿੰਘ, ਹਰਭਗਵਾਨ ਸਿੰਘ ਲੰਬੀ ਅਤੇ ਰਿੰਕੂ ਮਹਿਣਾ ਆਦਿ ਨਾਲ ਗੱਲਬਾਤ ਕੀਤੀ। ਇਸੇ ਦੌਰਾਨ ਪਾਵਰਕੌਮ ਅਫ਼ਸਰਾਂ ਨੇ ਤੁਰੰਤ ਖੇਤੀ ਸੈਕਟਰ ਲਈ ਪੂਰੀ ਬਿਜਲੀ ਸਪਲਾਈ ਦਾ ਵਿਸ਼ਵਾਸ ਦਿਵਾਇਆ ਅਤੇ ਸੜਕੀ ਆਵਾਜਾਈ ਖੋਲ੍ਹਣ ਦੀ ਅਪੀਲ ਕੀਤੀ। ਵਰ੍ਹਦੇ ਮੀਂਹ ’ਚ ਗੁਰਦੁਆਰੇ ਦੀ ਛੱਤ ਹੇਠਾਂ ਸੜਕ ਜਾਮ ਕਿਸਾਨ ਸੰਘਰਸ਼ ਦਾ ਮਸਲਾ ਨਿੱਬੜਿਆ। ਐਸ.ਡੀ.ਓ ਅਮਨਦੀਪ ਕੰਬੋਜ ਨੇ ਕਿਹਾ ਕਿ ਸੂਬੇ ’ਚ ਸਨਅਤਾਂ ’ਤੇ ਜ਼ਾਬਤਾ ਲੱਗਣ ਨਾਲ ਬਿਜਲੀ ਕਿੱਲਤ ’ਚ ਸੁਧਾਰ ਆਇਆ ਹੈ ਅਤੇ ਹੁਣ ਖੇਤਾਂ ਨੂੰ ਬਿਜਲੀ ਨਿਰਵਿਘਨ ਬਿਜਲੀ ਮੁਹੱਈਆ ਹੋਵੇਗੀ। ਕਿਸਾਨ ਆਗੂ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਅਫਸਰਾਂ ਦੇ ਭਰੋਸੇ ’ਤੇ ਇੱਕ ਵਾਰ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ। ਜੇਕਰ ਬਿਜਲੀ ਸਪਲਾਈ ’ਚ ਮੁੜ ਗੜਬੜੀ ਹੋਈ ਤਾਂ ਸੰਘਰਸ਼ ਦੁਬਾਰਾ ਤੋਂ ਵਿੱਢਿਆ ਜਾਵੇਗਾ।