ਪੱਤਰ ਪ੍ਰੇਰਕ
ਜੈਤੋ, 18 ਅਪਰੈਲ
ਪਾਵਰਕੌਮ ਦੇ ਇੱਕ ਕਰਮਚਾਰੀ ਦੇ ਕਥਿਤ ਮਾੜੇ ਵਰਤਾਅ ਖ਼ਿਲਾਫ਼ ਅੱਜ ਹਮ-ਖ਼ਿਆਲ ਸੰਗਠਨਾਂ ਨੇ ਇਥੇ ਬਾਜਾ ਚੌਕ ’ਚ ਧਰਨਾ ਦਿੱਤਾ। ਵਿਧਾਇਕ ਅਮੋਲਕ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਮਿਲ ਕੇ ਸਬੰਧਿਤ ਕਾਰਵਾਈ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ’ਤੇ ਬਾਅਦ ਵਿੱਚ ਇਹ ਧਰਨਾ ਖਤਮ ਕਰ ਦਿੱਤਾ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਮਾਰਕੀਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰੋਮਾਣਾ ਸਟਰੀਟ ਦੀ ਲੰਮੇ ਸਮੇਂ ਤੋਂ ਲਾਈਟ ਬੰਦ ਹੋਣ ਕਰਕੇ ਪੱਤਰਕਾਰ ਸੰਦੀਪ ਲੂੰਬਾ (ਸੋਨੂੰ) ਲੋਕਾਂ ਦੇ ਕਹਿਣ ’ਤੇ ਜਾਇਜ਼ਾ ਲੈਣ ਉਥੇ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਪਹਿਲਾਂ ਤੋਂ ਮੌਜੂਦ ਲਾਈਨਮੈਨ ਗੁਰਭੇਜ ਸਿੰਘ ਦਾ ਜਦੋਂ ਸੋਨੂੰ ਲੂੰਬਾ ਨੇ ਪੱਖ ਜਾਨਣਾ ਚਾਹਿਆ ਤਾਂ ਉਸ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਕੇ ਲੂੰਬਾ ਦਾ ਅਪਮਾਨ ਕੀਤਾ। ਇਸ ਦੌਰਾਨ ਵਿਧਾਇਕ ਅਮੋਲਕ ਸਿੰਘ ਤੇ ਐੱਸਡੀਓ ਪਾਵਰਕੌਮ ਸ਼ਕਤੀ ਕੁਮਾਰ ਕਟਾਰੀਆ ਵੀ ਪਹੁੰਚੇ। ਵਿਖਾਵਾਕਾਰੀਆਂ ਨੇ ਲਾਈਨਮੈਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਵਿਧਾਇਕ ਵੱਲੋਂ ਐੱਸਡੀਓ ਨੂੰ ਬਣਦੀ ਕਾਰਵਾਈ ਦੇ ਆਦੇਸ਼ ਦੇਣ ਪਿੱਛੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ। ਲਾਈਨਮੈਨ ਗੁਰਭੇਜ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।