ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਨਵੰਬਰ
ਵਿਧਾਨ ਸਭਾ ਹਲਕਾ ਰਾਖਵਾਂ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ’ਚ ਅਕਾਲੀ ਆਗੂ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਬਵਾਲ ਖੜ੍ਹਾ ਹੋ ਗਿਆ ਹੈ ਅਤੇ ‘ਬਗਾਵਤ’ ਦੀ ਚੰਗਿਆੜੀ ਸੁਲਗਣ ਲੱਗੀ ਹੈ। ਅਕਾਲੀ ਆਗੂ ਨੂੰ ਹਾਕਮ ਧਿਰ ਵੱਲੋਂ ਹਲਕਾ ਇੰਚਾਰਜ ਲਗਾਉਣ, ਸੁਰੱਖਿਆ ਮੁਹੱਈਆ ਕਰਵਾਉਣ ਤੋਂ ਹਾਕਮ ਧਿਰ ਆਗੂਆਂ ਦੀ ਦਾਅਵੇਦਾਰੀ ਕਮਜ਼ੋਰ ਪੈ ਗਈ ਹੈ।
ਇਥੇ ਹਾਕਮ ਧਿਰ ਦੇ ਜ਼ਿਲ੍ਹਾ ਸਾਬਕਾ ਪ੍ਰਧਾਨ ਤੇ ਸੇਵਾਮੁਕਤ ਕਰਨਲ ਬਾਬੂ ਸਿੰਘ, ਸੇਵਾ ਮੁਕਤ ਐੱਸਪੀ ਮੁਖਤਿਆਰ ਸਿੰਘ ਤੇ ਵਿਧਾਨ ਸਭਾ ਹਲਕਾ ਰਾਖਵਾਂ ਤੋਂ ਹੋਰ ਕਾਂਗਰਸ ਟਿਕਟ ਦਾਅਵੇਦਾਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਹਲਕੇ ਤੋਂ ਅਕਾਲੀ ਆਗੂ ਭੁਪਿੰਦਰ ਸਿੰਘ ਸਾਹੋਕੇ ਨੂੰ ਪਾਰਟੀ ’ਚ ਸ਼ਾਮਲ ਕਰਕੇ ਹਲਕਾ ਇੰਚਾਰਜ ਲਗਾਉਣ ਤੇ ਸੁਰੱਖਿਆ ਮੁਹੱਈਆ ਕਰਵਾਉਣ ਆਦਿ ਲਈ ਆਪਣੀ ਹੀ ਪਾਰਟੀ ਉੱਤੇ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਹੋਕੇ ਨੇ ਕਰੀਬ 5 ਸਾਲ ਅਕਾਲੀ ਦਲ ਵੱਲੋਂ ਬਤੌਰ ਇਥੇ ਹਲਕਾ ਇੰਚਾਰਜ ਕੰਮ ਕੀਤਾ ਜੇ ਉਨ੍ਹਾਂ ਦਾ ਹਲਕੇ ਵਿੱਚ ਚੰਗਾ ਅਧਾਰ ਤੇ ਜਿੱਤਣ ਦੀ ਸਮਰਥਾ ਹੁੰਦੀ ਤਾਂ ਅਕਾਲੀ ਦਲ ਵੱਲੋਂ ਟਿਕਟ ਨਹੀਂ ਕੱਟੀ ਜਾਂਦੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਟਕਸਾਲੀ ਵਰਕਰਾਂ ਤੇ ਹਲਕੇ ਦੇ ਵੋਟਰਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਇਸ ਲਈ ਪਾਰਟੀ ਹਾਈਕਮਾਂਡ ਨੂੰ ਇਸ ਫੈਸਲੇ ’ਤੇ ਮੁੜ ਤੋਂ ਗੌਰ ਕਰਨੀ ਚਾਹੀਦੀ ਹੈ।
ਕਰਨਲ ਬਾਬੂ ਸਿੰਘ ਨੇ ਕਿਹਾ ਕਿ ਪਾਰਟੀ ਮੁਢਲੇ ਸਿਧਾਤਾਂ ਤੋਂ ਭਟਕ ਗਈ ਹੈ ਅਤੇ ਪਾਰਟੀ ਆਗੂਆਂ ਦੇ ਹਲਕੇ ’ਚ ਕੀਤੇ ਕੰਮਾਂ ਕਾਰਾਂ ਤੇ ਹੋਏ ਖਰਚ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਅਤੇ 15 ਸਾਲ ਤੋਂ ਚੋਣਾਂ ਨੇੜੇ ਅਕਾਲੀ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਕਰਕੇ ਟਿਕਟ ਦੇਣ ਦਾ ਵਰਤਾਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਅਕਾਲੀ ਆਗੂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਤੇ ਫਿਰ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਤੇ ਹੁਣ ਭੂਪਿੰਦਰ ਸਿੰਘ ਸਾਹੋਕੇ ਨੂੰ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਬਗਾਵਤੀ ਸੁਰਾਂ ਵਿੱਚ ਕਾਂਗਰਸ ਆਗੂਆਂ ਵੱਲੋਂ ਪਾਰਟੀ ਹਾਈ ਕਮਾਂਡ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ ਗਈ।