ਖੇਤਰੀ ਪ੍ਰਤੀਨਿਧ
ਬਰਨਾਲਾ, 16 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਦੀਆਂ ਖ਼ਸਤਾਹਾਲ ਲਿੰਕ ਸੜਕਾਂ ਦੀ ਮੁਰੰਮਤ ਜਾਂ ਮੁੜ ਉਸਾਰੀ ਦੀ ਮੰਗ ਲਈ ਸਥਾਨਕ ਐਕਸੀਅਨ ਪੀਡਬਲਿਊਡੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਦੇਵ ਸਿੰਘ ਬਡਬਰ, ਨਿਰਪਜੀਤ ਸਿੰਘ ਜਵੰਧਾ, ਗਗਨਦੀਪ ਸਿੰਘ ਧਨੌਲਾ ਖੁਰਦ ਅਤੇ ਕੇਵਲ ਸਿੰਘ ਧਨੌਲਾ ਨੇ ਕਿਹਾ ਕਿ ਪਿੰਡਾਂ ਨੂੰ ਜਾਂਦੀਆਂ ਜ਼ਿਲ੍ਹੇ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਆਗੂਆਂ ਕਿਹਾ ਕਿ ਰਾਜਗੜ੍ਹ ਤੋਂ ਧਨੌਲਾ, ਭੈਣੀ ਜੱਸਾ ਤੋਂ ਧਨੌਲਾ, ਬਡਬਰ ਤੋਂ ਭੈਣੀ ਮਹਿਰਾਜ ਨੂੰ ਆਪਸ ਵਿੱਚ ਜੋੜਦੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਕਈ ਸੜਕਾਂ ਪਿਛਲੇ ਪੰਜ ਸਾਲਾਂ ਤੋਂ ਸਿਰਫ਼ ਵੱਟੇ ਪਾ ਕੇ ਛੱਡ ਰੱਖੀਆਂ ਹਨ। ਬੁਲਾਰਿਆ ਦੱਸਿਆ ਕਿ ਪਿੰਡ ਛੰਨਾ ਨੇੜੇ ਆਈਓਐਲ ਫੈਕਟਰੀ ਨੇੜਿਓਂ ਲੰਘਦੀ ਡਰੇਨ ਦਾ ਪੁਲ, ਪਹਿਲਾਂ ਵਾਲਾ ਪੁਲ ਪੁੱਟਣ ਦੀ ਬਜਾਇ ਉਸ ਦੇ ਉੱਪਰ ਹੀ ਨਵਾਂ ਬਣਾ ਦਿੱਤਾ ਜਿਸ ਕਾਰਨ ਡਰੇਨ ਦਾ ਪੂਰਾ ਪਾਣੀ ਅੱਗੇ ਨਹੀਂ ਨਿਕਲਦਾ ਅਤੇ ਮੀਂਹ ਦੇ ਦਿਨਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਸਾਬਤ ਹੋਈ ਹੈ। ਆਗੂਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖ ਰਹੇ ਹਨ ਪਰ ਚੋਣਾਂ ਸਮੇਂ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਟੁੱਟੀਆਂ ਹੋਈਆਂ ਸੜਕਾਂ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਜਥੇਬੰਦੀ ਵੱਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਹਰਪਾਲ ਸਿੰਘ, ਭਿੰਦਰ ਧਨੌਲਾ, ਗੁਰਜੰਟ ਸਿੰਘ ਭੈਣੀ, ਬਿੰਦਰ ਸਿੰਘ ਉੱਪਲੀ, ਸਾਧੂ ਸਿੰਘ ਧਨੌਲਾ, ਕੁਲਵੰਤ ਕੌਰ, ਲਖਵੀਰ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।