ਸ਼ਗਨ ਕਟਾਰੀਆ
ਬਠਿੰਡਾ, 22 ਜੁਲਾਈ
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਅੱਜ ਇਥੇ ਪੰਜਾਬ ਪੈਟਰਨ ’ਤੇ ਤਨਖਾਹ ਸਕੇਲ ਵਾਪਸ ਲੈ ਕੇ ਕੇਂਦਰੀ ਪੈਟਰਨ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ। ਫੈਡਰੇਸ਼ਨ ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਦੀ ਅਗਵਾਈ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਗਪਾਲ ਬੰਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਮੁਲਾਜ਼ਮਾਂਂ ਨਾਲ ਜਿਹੜੇ ਵਾਅਦੇ ਕਰਕੇ 2017 ਵਿਚ ਆਪਣੀ ਸਰਕਾਰ ਬਣਾਈ ਸੀ, ਸਰਕਾਰ ਬਣਨ ਤੋਂ ਬਾਅਦ ਆਪਣੇ ਸਾਰੇ ਵਾਅਦਿਆਂ ਦੇ ਉਲਟ ਕੈਪਟਨ ਸਰਕਾਰ ਨੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਤਨਖਾਹ ਸਕੇਲਾਂ ਨੂੰ ਤਿਲਾਂਜਲੀ ਦੇ ਕੇ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ ਤਨਖਾਹ ਸਕੇਲ ਦੇਣ ਦਾ ਪੱਤਰ ਵਿੱਤ ਵਿਭਾਗ ਵੱਲੋਂ 17 ਜੁਲਾਈ ਨੂੰ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਦਸੰਬਰ 2011 ਵਿੱਚ 72 ਕੈਟਾਗਿਰੀਆਂ ਦੇ ਅਪਗ੍ਰੇਡ ਕੀਤੇ ਤਨਖਾਹ ਸਕੇਲਾਂ ਨੂੰ ਵੀ ਖਤਮ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਨੂੰ ਪੰਜਾਬ ਸਰਕਾਰ ਵੱਲੋਂ ਆਪਣਾ ਨਿੱਜੀਕਰਨ ਦਾ ਏਜੰਡਾ ਲਾਗੂ ਕਰਨ ਲਈ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ’ਤੇ ਪੁਲੀਸ ਪਰਚੇ ਦਰਜ ਕੀਤੇ ਜਾ ਰਹੇ ਹਨ ਜੋ ਕਿ ਬਿਲਕੁਲ ਗੈਰ ਸੰਵਿਧਾਨਕ ਹਨ।
ਘੜਾ ਭੰਨ ਮੁਜ਼ਾਹਰੇ
ਬਰਨਾਲਾ (ਖੇਤਰੀ ਪ੍ਰਤੀਨਿਧ) ਕੈਪਟਨ ਸਰਕਾਰ ਵੱਲੋ ਨਵੀਂ ਭਰਤੀ ਤੇ ਕੇਂਦਰੀ ਪੈਟਰਨ ਲਾਗੂ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਖਿਲਾਫ਼ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਅੱਜ ਪੰਜਾਬ ਯੂਟੀ ਸਾਂਝਾ ਫਰੰਟ ਬਰਨਾਲਾ ਵੱਲੋ ਵੱਖ-ਵੱਖ ਦਫ਼ਤਰਾਂ ਜਿਵੇਂ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, ਸੀਵਰੇਜ ਬੋਰਡ, ਬੀ.ਐਂਡ.ਆਰ. ਤੇ ਮੰਡੀ ਬੋਰਡ ਦੇ ਦਫਤਰਾਂ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਪਾਪਾਂ ਦਾ ਘੜਾ ਭੰਨ ਕੇ ਰੋਹ ਦਾ ਪ੍ਰਗਟਾਵਾ ਅਤੇ 17 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। -ਫਾਜ਼ਿਲਕਾ (ਪੱਤਰ ਪੇ੍ਰਕ): ਦੀ ਕਲਾਸ ਫੋਰ ਗੌਰਮਿੰਟ ਇੰਪਲਾਇਜ਼ ਯੂਨੀਅਨ ਪੰਜਾਬ ਬ੍ਰਾਂਚ ਫਾਜ਼ਿਲਕਾ ਵੱਲੋਂ ਅੱਜ ਨਹਿਰੀ ਕਲੋਨੀ ‘ਚ ਨਹਿਰੀ ਵਿਭਾਗ ਦਫ਼ਤਰ ਅਤੇ ਡਰੈਂਨਜ਼ ਵਿਭਾਗ ਦਫ਼ਤਰ ਅੱਗੇ ਕਾਲੇ ਚੋਲੇ ਪਾਕੇ ਰੋਸ ਧਰਨਾ ਅਤੇ ਘੜੇ ਭੰਨ ਪ੍ਰਦਰਸ਼ਨ ਕੀਤਾ ਗਿਆ।