ਲਖਵਿੰਦਰ ਸਿੰਘ
ਮਲੋਟ, 4 ਦਸੰਬਰ
ਗੁਰੂ ਤੇਗ ਬਹਾਦਰ ਖਾਲਸਾ ਇੰਜਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ ਦਾ ਸਟਾਫ਼ ਇਕ ਵਾਰ ਫਿਰ ਕਰੀਬ 18 ਮਹੀਨਿਆਂ ਦੀਆਂ ਬਕਾਇਆ ਤਨਖਾਹਾਂ ਦੇ ਮੁੱਦੇ ਨੂੰ ਲੈ ਕੇ ਸੜਕਾਂ ’ਤੇ ਉੱਤਰਿਆ ਹੈ। ਇਸ ਰੋਸ ਮਾਰਚ ਵਿੱਚ ਲਗਪਗ ਅਰਧ ਸੈਂਕੜਾ ਪ੍ਰੋਫ਼ੈਸਰਾਂ ਨੇ ਹਿੱਸਾ ਲਿਆ ਅਤੇ ਟਰੱਸਟ ਮੈਂਬਰ ਮਾਨ ਸਿੰਘ ਮੱਕੜ ਦੀ ਆੜ੍ਹਤ ਵਾਲੀ ਦੁਕਾਨ ਦੇ ਅੱਗੇ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ, ਗੁਰਜੀਤ ਸਿੰਘ ਪ੍ਰਿੰਸੀਪਲ, ਏਐੱਸ ਲਾਂਬਾ ਤੇ ਗੁਰਜਾਪ ਸਿੰਘ ਸਣੇ ਹੋਰਨਾਂ ਪ੍ਰੋਫੈਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਧੱਕੇ ਨਾਲ ਹੀ ਰਿਲੀਵ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਇੰਜਨੀਅਰਿੰਗ ਕਾਲਜ ਦੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਧੱਕੇ ਨਾਲ ਰਿਲੀਵ ਕੀਤੇ ਪ੍ਰੋਫੈਸਰਾਂ ਵਿੱਚ ਕਈ ਅਜਿਹੇ ਹਨ ਜੋ ਵੀਹ ਵੀਹ ਸਾਲਾਂ ਤੋਂ ਕਾਲਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧਕ ਕਾਲਜ ਨੂੰ ਬੰਦ ਕਰਨ ‘ਤੇ ਬਾਜ਼ਿੱਦ ਹਨ ਤਾਂ ਕਾਲਜ ਕੋਲ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਹੈ, ਜਿਸ ਨੂੰ ਵੇਚ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਤਜਰਬਾ ਸਰਟੀਫਿਕੇਟ ਵੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਤਨਖਾਹਾਂ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸੰਘਰਸ਼ ਦੇ ਰਾਹ ਪਏ ਹਨ। ਇਸ ਵਾਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਕਾਲਜ ਦੇ ਖਾਤੇ ਫਰੀਜ਼ ਹਨ: ਸਕੱਤਰ
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੇ ਖਾਤੇ ਕਿਸੇ ਕਾਰਨ ਫਰੀਜ਼ ਹਨ, ਜਿਸ ਸਬੰਧੀ ਅਦਾਲਤ ਵਿੱਚ ਕੇਸ ਵੀ ਵਿਚਾਰ ਅਧੀਨ ਹੈ। ਇਸ ਕਰਕੇ ਕੋਈ ਵੀ ਲੈਣ-ਦੇਣ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਸਟਾਫ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਹੀ ਖਾਤਿਆਂ ‘ਤੇ ਬੰਦਿਸ਼ਾਂ ਹਟ ਜਾਣਗੀਆਂ ਉਹ ਉਸੇ ਵੇਲੇ ਤਨਖਾਹਾਂ ਦੀ ਅਦਾਇਗੀ ਕਰ ਦੇਣਗੇ।