ਲਖਵਿੰਦਰ ਸਿੰਘ
ਮਲੋਟ, 11 ਅਕਤੂਬਰ
ਨੇੜਲੇ ਪਿੰਡ ਸਰਾਵਾਂ ਬੋਦਲਾਂ, ਢਾਣੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦੋ ਅਧਿਆਪਕਾਂ ਦੀ ਆਪਸੀ ਤਲਖ਼ੀ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਪੜ੍ਹਾਈ ਦੇ ਨੁਕਸਾਨ ਦੇ ਮੱਦੇਨਜ਼ਰ ਸਕੂਲ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਸਕੂਲ ਦੇ ਗੇਟ ਅੱਗੇ ਦਰੀ ਵਿਛਾ ਕੇ ਬੈਠੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਇਸ ਸਕੂਲ ਵਿਚ 160 ਦੇ ਕਰੀਬ ਬੱਚੇ ਪਿੰਡ ਅਤੇ ਆਸ-ਪਾਸ ਤੋਂ ਪੜ੍ਹਨ ਲਈ ਆਉਂਦੇ ਹਨ, ਪਰ ਅਧਿਆਪਕਾਂ ਦੇ ਆਪਸੀ ਵਿਵਾਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਸਕੂਲ ਦੀ ਮੁੱਖ ਅਧਿਆਪਕਾ ਨੂੰ ਬਦਲਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸਕੂਲ ਵਿਚ ਅੱਜ ਕੋਈ ਵੀ ਅਧਿਆਪਕ ਨਾ ਹੋਣ ਕਰਕੇ ਬੱਚੇ ਖੁਦ ਪੜ੍ਹਾਈ ਕਰਦੇ ਨਜ਼ਰ ਆਏ। ਉਧਰ ਮੌਕੇ ‘ਤੇ ਪੁੱਜੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਾਲਾ ਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦਾ ਕੋਈ ਆਪਸੀ ਵਿਵਾਦ ਹੈ, ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਉਨ੍ਹਾਂ ਮੰਨਿਆ ਕਿ ਉਕਤ ਮਸਲੇ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਨੂੰ ਸ੍ਰੀ ਮੁਕਤਸਰ ਸਾਹਿਬ, ਮੁੱਖ ਸਿੱਖਿਆ ਦਫ਼ਤਰ ਵਿਖੇ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦੂਜੇ ਸਕੂਲ ਵਿਚੋਂ ਅਧਿਆਪਕ ਭੇਜੇ ਗਏ ਸਨ ਪਰ ਧਰਨੇ ‘ਤੇ ਬੈਠੇ ਮਾਪਿਆਂ ਨੇ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਨਹੀਂ ਹੋਣ ਦਿੱਤਾ। ਉਧਰ, ਅਧਿਆਪਕ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਦੱਸਿਆ ਕਿ ਅਧਿਆਪਕਾਂ ਦੇ ਆਪਸੀ ਵਿਵਾਦ ਦੀ ਸ਼ਿਕਾਇਤ ਯੂਨੀਅਨ ਕੋਲ ਵੀ ਪਹੁੰਚੀ ਸੀ ਜਿਸ ਸਬੰਧ ਵਿੱਚ ਉਹ ਵਿਭਾਗ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਕੇ ਬਣਦੀ ਕਰਵਾਈ ਕੀਤੀ ਜਾਵੇ।