ਨਿਰੰਜਣ ਬੋਹਾ
ਬੋਹਾ, 18 ਜੂਨ
ਪਿਛਲੇ ਕਈ ਮਹੀਨਿਆਂ ਤੋਂ ਵਾਟਰ ਵਰਕਸ ਸਪਲਾਈ ਦਾ ਗੰਧਲਾ ਪਾਣੀ ਪੀਣ ਲਈ ਮਜਬੂਰ ਹੋਏ ਵਾਰਡ ਨੰਬਰ ਦੋ ਵਾਸੀਆਂ ਵੱਲੋਂ ਅੱਜ ਸਿਹਤ ਵਿਭਾਗ ਦੇ ਬੋਹਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਾਰਡ ਵਾਸੀ ਹਰਬੰਸ ਸਿੰਘ ਮੱਦੀ, ਤੇਜਾ ਸਿੰਘ ਤੇ ਸਿਕੰਦਰ ਸਿੰਘ ਘਾਰੂ ਨੇ ਕਿਹਾ ਕਿ ਇਸ ਵਾਰਡ ਨੂੰ ਵਾਟਰ ਵਰਕਸ ਦਾ ਪਾਣੀ ਸਪਲਾਈ ਕਰਦੀਆਂ ਪਾਈਪਾਂ ਕਈ ਥਾਵਾਂ ਤੋਂ ਲੀਕ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਲੰਮੇ ਸਮੇਂ ਤੋਂ ਗੰਧਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਮਿਲਾਵਟੀ ਸਪਲਾਈ ਕਾਰਨ ਲੋਕ ਚਮੜੀ ਰੋਗ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਸਿਹਤ ਵਿਭਾਗ ਦੇ ਐੱਸਡੀਓ ਰਾਜ ਕੁਮਾਰ ਤੇ ਜੇਈ ਦਵਿੰਦਰ ਕੁਮਾਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹ਼ੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਲੇਬਰ ਨੂੰ ਬੁਲਾ ਕੇ ਲੀਕ ਕਰ ਰਹੀਆਂ ਪਾਈਪਾਂ ਦੀ ਤਰੁੰਤ ਮੁਰਮੰਤ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਧਰਨਾ ਚੁੱਕਿਆ।