ਜਸਵੀਰ ਸਿੰਘ ਭੁੱਲਰ
ਦੋਦਾ, 15 ਜੂਨ
ਪਿੰਡ ਭੁੱਟੀਵਾਲਾ ’ਚ ਆਮ ਆਦਮੀ ਪਾਰਟੀ ਦੇ ਯੂਥ ਆਗੂਆਂ ਅਤੇ ਵਰਕਰਾਂ ਨੇ ਝੋਨਾ ਲਾ ਕੇ ਹਲਕਾ ਗਿੱਦੜਬਾਹਾ ਦੇ ਵਿਕਾਸ ਦੀ ਫੂਕ ਕੱਢ ਕੇ ਰੱਖ ਦਿੱਤੀ। ਜ਼ਿਲ੍ਹਾ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਉਕਤ ਪਿੰਡ ਦੀ ਮੁੱਖ ਗਲੀ, ਜੋ ਝੀਲ ਦਾ ਰੂਪ ਧਾਰ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਲੰਘਣ ਸਮੇਂ ਭਾਰੀ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਗਿੱਦੜਬਾਹਾ ਦਾ ਵਿਧਾਇਕ ਹਲਕੇ ਵਿਚ ਵਿਕਾਸ ਦੀਆਂ ਵੱਡੀਆਂ ਫੜ੍ਹਾਂ ਮਾਰ ਰਿਹਾ ਹੈ ਪਰ ਅਸਲ ਹਕੀਕਤ ਕੁਝ ਹੋਰ ਹੈ। ‘ਆਪ’ ਦੇ ਜ਼ਿਲ੍ਹਾ ਯੂਥ ਆਗੂ ਗੁਰਮੀਤ ਸਿੰਘ ਅਤੇ ਇਕਾਈ ਪ੍ਰਧਾਨ ਜੋਰਾ ਸਿੰਘ ਦੀ ਅਗਵਾਈ ਹੇਠ ਰੇਸ਼ਮ ਸਿੰਘ, ਲੱਖੀ ਸਿੰਘ, ਇਕਬਾਲ ਸਿੰਘ ਅਤੇ ਕੁਝ ਮਾਤਾਵਾਂ ਅਤੇ ਭੈਣਾਂ ਨੇ ਮੁੱਖ ਗਲੀ ਵਿਚ ਝੋਨਾ ਲਾ ਕੇ ਰੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਵਿਧਾਇਕ ਸਿਰਫ ਗੱਲ੍ਹਾਂ ਦਾ ਕੜਾਹ ਨਾ ਬਣਾਏ, ਸਗੋਂ ਲੋਕਾਂ ਦੀ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਅਸਲੀਅਤ ਵਿਚ ਪਿੰਡ ਦਾ ਵਿਕਾਸ ਕਰੇ।