ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਾਰਚ
ਸ਼ੈਲਰ ਮਾਲਕਾਂ ਨੇ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਧਰਨਾ ਲਾਇਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਚਾਵਲ ਲਾਉਣ ਲਈ 50 ਫ਼ੀਸਦੀ ਬਾਰਦਾਨਾ ਸਰਕਾਰ ਵੱਲੋਂ ਨਵਾਂ ਦਿੱਤਾ ਜਾਣਾ ਸੀ, ਜੋ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਵੱਲੋਂ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਜਦੋਂ ਬਾਰਦਾਨਾ ਨਾ ਪੁੱਜਿਆ ਤਾਂ ਉਨ੍ਹਾਂ ਨੂੰ ਧਰਨੇ ਉਪਰ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ। ਰਾਈਸ਼ ਮਿਲਰਜ਼ ਸੰਘਰਸ਼ ਕਮੇਟੀ ਦੇ ਆਗੂ ਨਾਰਾਇਣ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਵੱਲੋਂ 70 ਫ਼ੀਸਦੀ ਪੁਰਾਣਾ ਬਾਰਦਾਨਾ ਲਾ ਦਿੱਤਾ ਗਿਆ ਹੈ, ਜਦੋਂ ਕਿ ਉਹ 50 ਫ਼ੀਸਦੀ ਪੁਰਾਣਾ ਬਾਰਦਾਨਾ ਲਾਉਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜੋ ਨਵਾਂ ਬਾਰਦਾਨਾ ਦਿੱਤਾ ਗਿਆ ਹੈ, ਉਸ ਵਿਚ ਵੀ ਏਜੰਸੀ ਅਧਿਕਾਰੀਆਂ ਵੱਲੋਂ ਪੂਰਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ, ਜੋ 50 ਫ਼ੀਸਦ ਦੀ ਸ਼ਰਤ ਰੱਖੀ ਗਈ ਹੈ, ਉਹ ਕਿਸੇ ਵੀ ਐਗਰੀਮੈਂਟ ਵਿਚ ਨਹੀਂ, ਉਸ ਨੂੰ ਹਟਾਇਆ ਜਾਵੇ। ਇਸ ਮੌਕੇ ਮੁਕੇਸ਼ ਕੁਮਾਰ ਗੋਇਲ, ਸੁਮਿਤ ਕੁਮਾਰ ਮੱਲੀ, ਸ਼ਾਮ ਲਾਲ, ਅਮਰ ਨਾਥ ਬਿੱਲੂ, ਹਰਬੰਸ ਲਾਲ, ਰਮੇਸ਼ ਕੁਮਾਰ ਟੈਣੀ, ਪ੍ਰਲਾਦ ਕੁਮਾਰ ਬੀਰੋਕੇ ਨੇ ਵੀ ਸੰਬੋਧਨ ਕੀਤਾ।
ਗੋਨਿਆਣਾ ਮੰਡੀ (ਪੱਤਰ ਪ੍ਰੇਰਕ): ਗੋਨਿਆਣਾ ਦੀ ਪੁਰਾਣੀ ਅਨਾਜ ਮੰਡੀ ਵਿਚ ਆੜ੍ਹਤੀਆਂ, ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਮਾਨਸਾ, ਅਤੇ ਪੱਲੇਦਾਰਾ ਮਜ਼ਦੂਰਾਂ ਨੇ ਅੱਜ ਸਰਕਾਰ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਦਾ ਵਿਰੋਧ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ । ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਭੋਖੜਾ ਨੇ ਸਰਕਾਰ ਦੇ ਖ਼ਰੀਦ ਪ੍ਰੰਬਧਾ,ਪੇਮੈਂਟ ਕਰਨ ਦੇ ਤਰੀਕੇ ਅਤੇ ਨਵੀਂ ਖ਼ਰੀਦ ਨੀਤੀ ਦੀ ਅਲੋਚਨਾ ਕੀਤੀ। ਇਸ ਮੌਕੇ ਬੀਕੇਯੂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਕਿ ਕਿਸਾਨ ਮਜ਼ਦੂਰ, ਆੜ੍ਹਤੀਆਂ ਦੇ ਨੂੰਹ ਮਾਸ ਦੇ ਰਿਸ਼ਤੇ ਬਾਰੇ ਬੋਲਦਿਆਂ ਸਰਕਾਰ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਦਾ ਵਿਰੋਧ ਕੀਤਾ। ਇਸ ਮੌਕੇ ਮਹਿੰਦਰ ਸਿੰਘ ਸਰਪੰਚ ਅਮਰਗੜ੍ਹ, ਹਰਿੰਦਰ ਸਿੰਘ ਮਾਨ ਭੋਖੜਾ, ਬਲਕਰਨ ਸਿੰਘ ਬਰਾੜ ਨੇ ਸੰਬੋਧਨ ਕੀਤਾ।
ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਬਠਿੰਡਾ (ਮਨੋਜ ਸ਼ਰਮਾ): ਕਿਸਾਨ ਸੰਯੁਕਤ ਮੋਰਚਾ ਦੇ ਆਗੂ ਵੱਲੋਂ ਕੁਲ ਹਿੰਦ ਕਿਸਾਨ ਦੇ ਸੂਬਾ ਕਾਰਜਕਾਰੀ ਸੂਬਾ ਸਕੱਤਰ ਕਾਮਰੇਡ ਬਲਕਰਨ ਸਿੰਘ ਬਰਾੜ , ਕਿਸਾਨ ਆਗੂ ਯੋਧਾ ਸਿੰਘ ਨਗਲਾ ਦੀ ਅਗਵਾਈ ਹੇਠ ਪੰਜਾਬ ਮਾਰਕੀਟ ਕਮੇਟੀ ਬਠਿੰਡਾ ਦੇ ਮੁੱਖ ਦਫ਼ਤਰ ਅੱਗੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਸਬੰਧੀ ਨਵੇਂ ਕਾਨੂੰਨਾਂ ਅਤੇ ਕਣਕ ਦੀ ਸਿੱਧੀ ਅਦਾਇਗੀ ਸਬੰਧੀ ਪੇਮੈਂਟ ਕਰਨ ਅਤੇ ਕੇਂਦਰੀ ਖ਼ਰੀਦ ਏਜੰਸੀ ਐਫ ਸੀਆਈ ਵੱਲੋਂ ਕਣਕ ਦੀ ਟੁੱਟ 4 ਤੋਂ ਘਟਾ ਕੇ 2 ਫ਼ੀਸਦ ਕਰਨਾ, ਅਤੇ ਕਣਕ ਦੀ ਨਮੀ 14 ਫ਼ੀਸਦ ਤੋਂ ਘਟਾ ਕੇ 12 ਫ਼ੀਸ਼ਦ ਕਰਨ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਜਿੰਨੀ ਦੇਰ ਤੱਕ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਹੋਏ ਉਨ੍ਹਾਂ ਦੇਰ ਤੱਕ ਸੰਘਰਸ਼ ਤੇਜ਼ ਕੀਤਾ ਜਾਵੇਗਾ।