ਪਵਨ ਗੋਇਲ
ਭੁੱਚੋ ਮੰਡੀ, 7 ਮਾਰਚ
ਸ਼ਹਿਰ ਅਤੇ ਪਿੰਡਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਭੁੱਚੋ ਪੁਲੀਸ ਚੌਕੀ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ 11 ਮਾਰਚ ਤੱਕ ਚੋਰਾਂ ਦੀ ਭਾਲ ਕਰ ਕੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ 12 ਮਾਰਚ ਨੂੰ ਤਿੱਖਾ ਐਕਸ਼ਨ ਕਰਨਗੇ।
ਇਸ ਮੌਕੇ ਬਲਾਕ ਆਗੂ ਗੁਰਜੰਟ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਚੋਰਾਂ ਵੱਲੋਂ ਮੋਟਰਾਂ ਤੋਂ ਕੇਬਲਾਂ ਲਾਹੁਣ, ਘਰਾਂ ਦੇ ਵਿੱਚ ਗੈਸ ਸਿਲੰਡਰ ਚੁੱਕਣ, ਸਬਮਰਸੀਬਲ ਮੋਟਰਾਂ ਨੂੰ ਕੱਢ ਕੇ ਲੈ ਜਾਣ ਅਤੇ ਸ਼ਹਿਰ ਵਿੱਚ ਘਰਾਂ ਅੱਗਿਓਂ ਵਹੀਕਲ ਚੋਰੀ ਕਰਨ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅੱਜ ਤੱਕ ਕਿਸੇ ਵੀ ਚੋਰੀ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਵੱਲੋਂ ਕਾਬੂ ਕਰ ਕੇ ਫੜਾਏ ਜਾਂਦੇ ਚੋਰਾਂ ਅਤੇ ਝਪਟਮਾਰਾਂ ਨੂੰ ਪੁਲੀਸ ਸ਼ਾਮ ਹੁੰਦਿਆਂ ਹੀ ਛੱਡ ਦਿੰਦੀ ਹੈ। ਇਸ ਕਾਰਨ ਲੋਕ ਬੇਵੱਸ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਰਹੀ। ਇਸ ਮੌਕੇ ਪਿੰਡ ਸਰਪੰਚ ਅਮਰਿੰਦਰ ਸਿੰਘ, ਗੁਰਦਾਸ ਸਿੰਘ, ਪੰਚ ਭੀਮ ਸਿੰਘ, ਸੁਸਾਇਟੀ ਪ੍ਰਧਾਨ ਗੁਰਸ਼ਰਨ ਸਿੰਘ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਦਾ ਭਾਰੀ ਇਕੱਠ ਸੀ।