ਇਕਬਾਲ ਸਿੰਘ ਸ਼ਾਂਤ
ਲੰਬੀ, 3 ਨਵੰਬਰ
ਸਰਕਾਰਾਂ ਦੇ ਵਿਊਂਤਬੱਧ ਮਾਰੂ ਰਵਈਏ ਖ਼ਿਲਾਫ਼ ਮਜ਼ਬੂਤ ਜਥੇਬੰਦਕ ਮੁਹਾਜ਼ ਵੀ ਏਕੇ ਦੀ ਨੀਤੀ ਤਹਿਤ ਆਪਣਾ ਵਜੂਦ ਜਾਹਰ ਕਰਨ ਲੱਗਿਆ ਹੈ। ਪਾਵਰਕੌਮ ਵੱਲੋਂ ਖਤਮ ਕੀਤੀਆਂ 40 ਹਜ਼ਾਰ ਅਸਾਮੀਆਂ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਪੈਨਸ਼ਰਜ ਐਸੋਸੀਏਸ਼ਨ, ਸਾਂਝਾ ਫੋਰਮ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੀ ਸਾਂਝੀ ਆਵਾਜ਼ ਸਰਕਾਰ ਦੇ ਨਿੱਜੀਕਰਨ ਪੱਖੀ ਕੰਨਾਂ ਨੂੰ ਖੋਲ੍ਹਣ ਮੈਦਾਨ ਵਿਚ ਉੱਤਰ ਪਈ ਹੈ। ਤਿੰਨੇ ਜਥੇਬੰਦੀਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਜ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਪਿੰਡ ਬਾਦਲ ਵਿੱਚ ਪਾਵਰਕੌਮ ਦੇ ਡਿਵੀਜ਼ਨਲ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ। ਜਿਸ ਵਿੱਚ ਬਾਦਲ ਮੰਡਲ ਦੇ ਤਾਲਮੇਲ ਕਮੇਟੀ ਦੇ ਆਗੂਆਂ ਸੁਖਦਰਸ਼ਨ ਸਿੰਘ, ਪ੍ਰਕਾਸ਼ ਚੰਦ, ਬਚਿੱਤਰ ਸਿੰਘ, ਮੰਡਲ ਸਕੱਤਰ ਦਿਲਾਵਰ ਸਿੰਘ, ਸੁਖਦੇਵ ਸਿੰਘ ਖੁੱਡੀਆਂ, ਟੀਐੱਸਯੂ ਮੰਡਲ ਬਾਦਲ ਦੇ ਸਕੱਤਰ ਰਾਮ ਲਾਲ, ਮੰਡਲ ਪ੍ਰਧਾਨ ਸੱਤਪਾਲ, ਖਜਾਨਚੀ ਸੁਖਵੀਰ ਸਿੰਘ ਬਾਦਲ ਅਤੇ ਮੰਡਲ ਪ੍ਰਧਾਨ ਸੁੰਦਰਪਾਲ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਪਾਵਰਕੌਮ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਲਗਾਤਾਰ ਕਰਮਚਾਰੀਆਂ ਦੀ ਛਾਂਟੀ ਅਤੇ ਮੌਜੂਦਾ ਕਰਮਚਾਰੀਆਂ ਹੱਕੀ ਨੀਤੀਆਂ ਦਾ ਸੰਘ ਘੁੱਟ ਰਿਹਾ ਹੈ। ਜਿਸਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਕਿਹਾ ਕਿ ਪਹਿਲੀ ਜਨਵਰੀ 2016 ਤੋਂ ਤਨਖਾਹ ਸਕੇਲ ਸੋਧੇ ਜਾਣ। ਪੈਨਸ਼ਨਰ ਅਤੇ ਨਵੇਂ ਭਰਤੀ ਹੋਏ ਕਾਮਿਆਂ ਨੂੰ (ਬਿਜਲੀ ਦੀ ਛੋਟ) ਕੁਨਸੈਸ਼ਨ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਆਹਲੂਵਾਲੀਆ ਰਿਪੋਰਟ ਮੁਤਾਬਿਕ ਪਾਵਰਕਾਮ ਅਤੇ ਟਰਾਂਸਕੋ ਵਿੱਚ 40,000 ਪੋਸਟਾਂ ਖਤਮ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਮੈਡੀਕਲ ਭੱਤਾ ਤਿੰਨ ਹਜ਼ਾਰ ਰੁਪਏ ਕੀਤਾ ਜਾਵੇ। ਕੱਚੇ ਕਾਮੇ ਪੱਕੇ ਕੀਤੇ ਜਾਣ। ਆਗੂਆਂ ਨੇ ਪੁਰਜ਼ੋਰ ਢੰਗ ਨਾਲ ਇੱਕ ਅਪਰੈਲ 2004 ਤੋਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਤੋਂ ਚਾਲੂ ਕਰਨ ਦੀ ਮੰਗ ਕੀਤੀ ਗਈ।