ਪੱਤਰ ਪ੍ਰੇਰਕ
ਮਾਨਸਾ, 13 ਜੁਲਾਈ
ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿੱਚ ਕਾਸ਼ਤਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਦਾ ਜ਼ਮੀਨ ’ਤੇ ਕਬਜ਼ਾ ਕਰਵਾਉਣ ਦੇ ਵਿਰੋਧ ਵਿੱਚ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ (ਏਕਤਾ ਡਕੌਂਦਾ) ਦਾ ਸਰਕਾਰ ਖ਼ਿਲਾਫ਼ ਰੋਸ ਲਗਾਤਾਰ ਬਰਕਰਾਰ ਹੈ। ਜਥੇਬੰਦੀ ਵੱਲੋਂ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮਨਾਉਂਦਿਆਂ ਹੋਇਆ ਬੁਢਲਾਡਾ ਵਿੱਚ ਰੋਸ ਮਾਰਚ ਕਰਦਿਆਂ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਮੰਗ ਪੱਤਰ ਦਿੱਤਾ ਗਿਆ।ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਕੁਲਰੀਆਂ ਵਿੱਚ ਪੰਚਾਇਤੀ ਜ਼ਮੀਨ ਉਪਰ ਵਾਹੀਵਾਨ ਕਿਸਾਨਾਂ ਦਾ ਕਬਜ਼ਾ ਛੁਡਵਾਉਣ ਲਈ ਜਥੇਬੰਦੀ ਨੂੰ ਲਗਾਤਾਰ ਭਰੋਸੇ ਅਤੇ ਲਾਰੇ ਵਿੱਚ ਰੱਖਿਆ, ਜਿਸ ਨੂੰ ਲੈਕੇ ਜਥੇਬੰਦੀ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਹੁਣ 20 ਜੁਲਾਈ ਨੂੰ ਪਿੰਡ ਕੁਲਰੀਆਂ ਵਿੱਚ ਜਥੇਬੰਦੀ ਸੂਬਾ ਪੱਧਰੀ ਰੈਲੀ ਕਰਕੇ ਉਥੇ ਜ਼ਮੀਨ ਉਪਰ ਮੁੜ ਕਬਜ਼ਾ ਲਿਆ ਜਾਵੇਗਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਪਿੰਡ ਕੁਲਰੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਇਸ ਨੂੰ ਵਿਸ਼ਵਾਸ ਘਾਤ ਦੱਸਿਆ। ਉਨ੍ਹਾਂ ਦੱਸਿਆ ਕਿ ਕੁਲਰੀਆਂ ਦੇ ਸੰਘਰਸ਼ ਨੂੰ ਅੱਗੇ ਲਿਜਾਣ ਲਈ 16 ਜੁਲਾਈ ਨੂੰ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਬੁਲਾਈ ਗਈ ਹੈ। ਇਸ ਮੌਕੇ ਦੇਵੀ ਰਾਮ, ਬਲਕਾਰ ਸਿੰਘ ਚਹਿਲਾਂਵਾਲੀ, ਜਗਦੇਵ ਸਿੰਘ ਕੋਟਲੀ ਕਲਾਂ, ਗੁਰਜੰਟ ਸਿੰਘ ਮਘਾਣੀਆਂ, ਸੱਤਪਾਲ ਸਿੰਘ ਵਰ੍ਹੇ, ਮਹਿੰਦਰ ਸਿੰਘ ਰਾਠੀ ਤੇ ਤਾਰਾ ਚੰਦ ਬਰੇਟਾ, ਮਿੱਠੂ ਸਿੰਘ ਪੇਰੋਂ ਨੇ ਵੀ ਸੰਬੋਧਨ ਕੀਤਾ।
ਭੂ-ਮਾਫੀਏ ਖ਼ਿਲਾਫ਼ ਡਟੀ ਉਗਰਾਹਾਂ ਜਥੇਬੰਦੀ
ਮਾਨਸਾ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਫੈਸਲਾ ਕੀਤਾ ਕਿ 15 ਜੁਲਾਈ ਨੂੰ ਇੱਕ ਗਰੀਬ ਕਿਸਾਨ ਦੀ ਜ਼ਮੀਨ ’ਤੇ ਭੂ-ਮਾਫੀਆ ਦਾ ਨਾਜਾਇਜ਼ ਕਬਜ਼ਾ ਖ਼ਤਮ ਕਰਨ ਲਈ ਜ਼ੌਲੀਆ ਪਿੰਡ ਵਿੱਚ ਸੂਬਾਈ ਰੈਲੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜਥੇਬੰਦੀ ਨੇ 18 ਜੁਲਾਈ ਤੋਂ ਐੱਸਐੱਸਪੀ ਸੰਗਰੂਰ ਦਫ਼ਤਰ ਅੱਗੇ ਲਾਇਆ ਜਾਣ ਵਾਲਾ ਪੱਕਾ ਮੋਰਚਾ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਗਰੀਬ ਕਿਸਾਨ ਨੂੰ ਧਨਾਢ ਭੂ-ਮਾਫੀਆ ਤੋਂ ਜ਼ਮੀਨ ਦਾ ਨਜਾਇਜ਼ ਕਬਜ਼ਾ ਛੁਡਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।