ਪਰਸ਼ੋਤਮ ਬੱਲੀ
ਬਰਨਾਲਾ, 10 ਅਕਤੂਬਰ
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ ‘ਤੇ ਲਾਇਆ ਸਾਂਝਾ ਧਰਨਾ ਅੱਜ 375ਵੇਂ ਦਿਨ ਜਾਰੀ ਰਿਹਾ। ਬੁਲਾਰਿਆਂ ਨੇ ਦੱਸਿਆ ਕਿ 12 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਲਈ ਅੰਤਿਮ ਅਰਦਾਸ ਕੀਤੀ ਜਾਣੀ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦਿਨ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਏਗਾ। ਆਗੂਆਂ ਨੇ ਕਿਹਾ ਕਿ ਪਿੰਡਾਂ,ਸ਼ਹਿਰਾਂ,ਤੇ ਸੱਥਾਂ ਵਿੱਚ, ਜਿੱਥੇ ਵੀ ਸੰਭਵ ਹੋ ਸਕਿਆ ਪ੍ਰਾਰਥਨਾ ਸਭਾਵਾਂ ਕੀਤੀਆਂ ਜਾਣਗੀਆਂ। ਉਸ ਦਿਨ ਸ਼ਾਮ ਛੇ ਵਜੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਮੋਮਬੱਤੀ ਮਾਰਚ ਹੋਵੇਗਾ। ਪੰਜ ਸ਼ਹੀਦਾਂ ਦੀ ਯਾਦ ‘ਚ ਹਰ ਘਰ ਅੱਗੇ ਰਾਤ ਸਮੇਂ ਪੰਜ ਮੋਮਬੱਤੀਆਂ ਜਗਾਉਣ ਦੀ ਪੁਰਜ਼ੋਰ ਅਪੀਲ ਕੀਤੀ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਦਰਸ਼ਨ ਸਿੰਘ ਉਗੋਕੇ, ਬੂਟਾ ਸਿੰਘ ਫਰਵਾਹੀ,ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ,ਜੀਤ ਸਿੰਘ ਠੀਕਰੀਵਾਲਾ, ਬਲਜੀਤ ਕੌਰ ਫਰਵਾਹੀ, ਅਮਰਜੀਤ ਕੌਰ,ਮਨਜੀਤ ਰਾਜ, ਰਣਜੀਤ ਸਿੰਘ ਕਲਾਲਾ ਨੇ ਸੰਬੋਧਨ ਕੀਤਾ। 11 ਅਕਤੂਬਰ ਨੂੰ ਧਰਨੇ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 11 ਬਰਸੀ ਮਨਾਈ ਜਾਵੇਗੀ। ਅੱਜ ਪਿੰਡ ਮੌੜ-ਨਾਭਾ ਦੀ ਸਮੂਹ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਨਾਲ ਪੰਡਾਲ ‘ਚ ਜੋਸ਼ ਭਰਿਆ।