ਨਵਕਿਰਨ ਸਿੰਘ
ਮਹਿਲ ਕਲਾਂ, 31 ਮਾਰਚ
ਤੇਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅੱਜ ਹਲਕਾ ਮਹਿਲ ਕਲਾਂ ਨਾਲ ਸਬੰਧਤ ਕਾਂਗਰਸ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਦੇ ਆਗੂਆਂ ਨੇ ਮਹਿੰਗਾਈ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ ਕਾਂਗਰਸ ਆਗੂਆਂ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ 9 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਜਿਸ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਹਜ਼ਾਰਾਂ-ਕਰੋੜਾਂ ਰੁਪਏ ਕਮਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਨਾਲ ਗਰੀਬ ਘਰ ਨੂੰ ਚੁੱਲ੍ਹਾ ਤਪਾਉਣਾ ਔਖਾ ਹੋਇਆ ਪਿਆ ਹੈ। ਇਸ ਮੌਕੇ ਅਮਰਜੀਤ ਸਿੰਘ ਮਹਿਲ ਕਲਾਂ, ਬੱਗਾ ਸਿੰਘ ਮਹਿਲ ਕਲਾਂ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਕਾਂਗਰਸ ਵਰਕਰ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਸੱਤਾ ਤੋਂ ਬਾਹਰ ਹੋਈ ਕਾਂਗਰਸ ਨੇ ਹੁਣ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਨ ਲਈ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਗਏ ਹਨ ਜਿਸਦੀ ਪਹਿਲ ਕਰਦਿਆਂ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਮੁਜ਼ਾਹਰਾ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਜਗਨੰਦਨ ਸਿੰਘ, ਅਸ਼ਵਨੀ ਸ਼ਰਮਾ, ਭਿੰਦਰ ਸ਼ਰਮਾ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਭਾਰੀ ਵਾਧਾ ਕਰ ਦਿੱਤਾ ਹੈ ਜਿਸ ਨਾਲ ਆਮ ਆਦਮੀ ਦਾ ਦਮ ਘੁਟ ਰਿਹਾ ਹੈ| ਉਨ੍ਹਾਂ ਇਸਦੇ ਨਾਲ ਹੀ ਪੇਂਡੂ ਵਿਕਾਸ ਫੰਡ ਜਾਰੀ ਕਰਨ, ਕੇਂਦਰੀ ਬਿਜਲੀ ਭੰਡਾਰ ਤੋਂ ਬਿਜਲੀ ਸਪਲਾਈ ਦੇਣ, ਭਾਖੜਾ ਬੋਰਡ ਮੈਨੇਜਮੈਂਟ ਵਿੱਚ ਪੰਜਾਬ ਦੇ ਹੱਕ ਬਹਾਲ ਕਰਕੇ 60 ਪ੍ਰਤੀਸ਼ਤ ਕੋਟਾ ਜਾਰੀ ਕਰਨ ਅਤੇ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ।
ਕੇਂਦਰੀ ਮਜ਼ਦੂਰ ਸੰਗਠਨਾਂ ਦੀ ਹੜਤਾਲ ਦੀ ਹਮਾਇਤ ’ਚ ਰੈਲੀ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ) ਮੁਲਾਜ਼ਮ ਜਥੇਬੰਦੀ ਦੀ ਸਥਾਨਕ ਤਾਲਮੇਲ ਕਮੇਟੀ ਨੇ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਰੈਲੀ ਕਰਕੇ ਕੇਂਦਰੀ ਮਜ਼ਦੂਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਤੇ ਸ਼ਹਿਰ ਦੀ ਤਰਕਸ਼ੀਲ ਸੁਸਾਇਟੀ ਦੁਆਰਾ ਰੈਲੀ ਵਿੱਚ ਸ਼ਾਮਲ ਹੋ ਕੇ ਕੇਂਦਰੀ ਮੁਲਾਜ਼ਮਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਬੁਲੰਦ ਕੀਤਾ। ਇਕਾਈ ਪ੍ਰਧਾਨ ਸੁਖਮੰਦਰ ਸਿੰਘ ਨੇ ਮੋਦੀ ਸਰਕਾਰ ਦੇ ਮੁਲਾਜ਼ਮ ਤੇ ਲੋਕ ਵਿਰੋਧੀ ਲਏ ਫੈਸਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਹੁਣ ਕੇਂਦਰੀ ਹਕੂਮਤ ਦੇ ਲੋਕਮਾਰੂ ਫੈਸਲਿਆਂ ਦਾ ਜ਼ੋਰਦਾਰ ਵਿਰੋਧ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾ ਮੁਲਾਜ਼ਮਾਂ ਲਈ ਦੁਸ਼ਵਾਰੀਆਂ ਭਰਿਆ ਹੋਵੇਗਾ। ਇਸ ਮੌਕੇ ਤਰਕਸ਼ੀਲ ਜ਼ੋਨ ਆਗੂ ਜੰਟਾ ਸਿੰਘ, ਸੀਨੀਅਰ ਆਗੂ ਮਾਸਟਰ ਸੁਰਿੰਦਰ ਰਾਮਪੁਰਾ, ਜਗਦੇਵ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਮੁਲਾਜ਼ਮ ਹਾਜ਼ਰ ਸਨ।