ਪੱਤਰ ਪ੍ਰੇਰਕ
ਬੁਢਲਾਡਾ, 22 ਜੂਨ
ਸਰਕਾਰ ਵੱਲੋਂ ਪੇਂਡੂ ਜ਼ਮੀਨਾਂ ’ਚੋਂ ਇੱਕ ਕਨਾਲ ਤੋਂ ਘੱਟ ਰਜਿਸਟਰੀ ਕਰਵਾਉਣ ’ਤੇ ਲਗਾਈ ਪਾਬੰਦੀ ਵਿਰੁੱਧ ਪੇਂਡੂ ਲੋਕਾਂ ਵਿੱਚ ਰੋਸ ਭਖਦਾ ਨਜ਼ਰ ਆ ਰਿਹਾ ਹੈ। ਨੰਬਰਦਾਰ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਨੰਬਰਦਾਰ ਇਕਬਾਲ ਸਿੰਘ ਬੋਹਾ, ਨੰਬਰਦਾਰ ਨਾਹਰ ਸਿੰਘ ਬਰੇ, ਨੰਬਰਦਾਰ ਕੇਹਰ ਸਿੰਘ ਫੁੱਲੂਵਾਲਾ ਆਦਿ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੇਂਡੂ ਖੇਤਰ ਦੇ ਕਿਸਾਨਾਂ ਵੱਲੋਂ ਇੱਕ ਕਨਾਲ ਤੋਂ ਘੱਟ ਵੇਚੀ ਜ਼ਮੀਨ ਦੀ ਰਜਿਸਟਰੀ ਉੱਪਰ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਪਿੰਡਾਂ ਦੇ ਛੋਟੇ ਕਿਸਾਨਾਂ ਅਤੇ ਨੰਬਰਦਾਰਾਂ ਵਲੋਂ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ। ਇਸ ਵਰਤਾਰੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਤਾਰਾ ਸਿੰਘ ਵਿਰਦੀ, ਕਾਂਗਰਸੀ ਆਗੂ ਮੱਖਣ ਸਿੰਘ ਭੱਠਲ ਨੇ ਪੰਜਾਬ ਸਰਕਾਰ ਵਲੋਂ ਛੋਟੀ ਕਿਸਾਨੀ ਦੀਆਂ ਰਜਿਸਟਰੀਆਂ ਦੇ ਲਗਾਈ ਪਾਬੰਦੀ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਪੇਂਡੂ ਲੋਕਾਂ ਦੀਆਂ ਬੇਵਸੀਆਂ ਦਾ ਨਾਜਾਇਜ਼ ਫਾਇਦਾ ਨਹੀਂ ਲੈਣਾ ਚਾਹੀਂਦਾ।