ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 19 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚੱਲ ਰਹੇ ਇੰਜਨੀਅਰਿੰਗ ਕਾਲਜ ਫੂਲ ਨੂੰ ਬੰਦ ਕਰਨ ਦੇ ਫੈਸਲੇ ਖ਼ਿਲਾਫ਼ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਸਬੰਧ ਵਿਚ ਅਮਰਧੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਭਰਵੀਂ ਮੀਟਿੰਗ ਪਿੰਡ ਮਹਿਰਾਜ ਵਿਖੇ ਹੋਈ, ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਇੰਜਨੀਅਰਿੰਗ ਕਾਲਜ ਨੂੰ ਬੰਦ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕੀਤੀ ਜਾਵੇ ਕਿਉਂਕਿ ਇਹ ਇਲਾਕਾ ਵਿਦਿਆ ਦੇ ਪੱਖੋਂ ਪਹਿਲਾਂ ਹੀ ਪਛੜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਸ ਕਾਲਜ ਨੂੰ ਬੰਦ ਨਾ ਕੀਤਾ ਜਾਵੇ ਸਗੋਂ ਇਸ ਕਾਲਜ ਵਿੱਚ ਹੋਰ ਕੋਰਸ ਚਾਲੂ ਕੀਤੇ ਜਾਣ ਤਾਂ ਕਿ ਇਲਾਕੇ ਦੇ ਬੱਚਿਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਇਲਾਕੇ ਵਿੱਚ ਹੀ ਮਿਲ ਸਕੇ। ਜਾਣਕਾਰੀ ਅਨੁਸਾਰ ਹਲਕੇ ਦੇ ਦੋ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਇਸ ਕਾਲਜ ਨੂੰ ਬਚਾਉਣ ਲਈ ਆਪਣਾ ਯੋਗਦਾਨ ਨਾ ਪਾਉਣ ਕਰਕੇ ਸਿਆਸੀ ਨੁਮਾਇੰਦਿਆਂ ਖ਼ਿਲਾਫ਼ ਵੀ ਲੋਕਾਂ ਵਿੱਚ ਸਖ਼ਤ ਰੋਸ ਹੈ। ਇਸ ਮੌਕੇ ਗੁਰਮੇਲ ਸਿੰਘ ਸਾਬਕਾ ਸਰਪੰਚ, ਨਿਰੰਜਣ ਸਿੰਘ, ਮਿੱਠੂ ਵੈਦ,ਗੁਰਵਿੰਦਰ ਸਿੰਘ ,ਨਾਇਬ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਜਗਸੀਰ ਸਿੰਘ, ਗੁਰਬਖਸ਼ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜਰ ਸਨ।