ਪਰਸ਼ੋਤਮ ਬੱਲੀ
ਬਰਨਾਲਾ, 10 ਅਗਸਤ
ਤਿੰਨ ਖੱਬੇਪੱਖੀ ਜੱਥੇਬੰਦੀਆਂ ਸੀਟੂ, ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਕਿਸਾਨ ਮੰਗਾ ਦੇ ਹੱਕ ਵਿੱਚ ਅਤੇ ਕੇਂਦਰੀ ਮੋਦੀ ਸਰਕਾਰ ਦੀਆਂ ਲੋਕ ਲਤਾੜੂ ਨੀਤੀਆਂ ਖਿਲਾਫ਼ ਇੱਥੇ ਕਚਹਿਰੀ ਚੌਕ ’ਚ ਰੋਸ ਇਕੱਤਰਤਾ ਉਪਰੰਤ ਡੀਸੀ ਦਫ਼ਤਰ ਪੁੱਜ ਕੇ ਪ੍ਰਦਰਸ਼ਨ ਕਰਦਿਆਂ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਮਾਨ ਸਿੰਘ ਗੁਰਮ, ਦਰਸ਼ਨ ਸਿੰਘ ਭੂਰੇ ਤੇ ਜੱਗਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨ ਅੰਦੋਲਨ ਮੋਦੀ ਹਕੂਮਤ ਦੀਆਂ ਜੜ੍ਹਾਂ ਹਿਲਾਅ ਦੇਵੇਗਾ।ਸੀਟੂ ਦੇ ਸੂਬਾਈ ਮੀਤ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਮਜ਼ਦੂਰ ਵਿਰੋਧੀ ਲਾਗੂ ਕੀਤੇ ਲੇਬਰ ਕੋਡ ਬਿਜਲੀ ਆਰਡੀਨੈਂਸ ਫੌਰੀ ਰੱਦ ਕਰਨ ਦੀ ਮੰਗ ਕੀਤੀ। ਛੋਟਾ ਸਿੰਘ ਧਨੌਲਾ ਨੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਤੇ ਐੱਮ.ਐੱਸ.ਪੀ. ਦੀ ਗਾਰੰਟੀ ਦਿੰਦਾ ਕਾਨੂੰਨ ਬਣਾਉਣ/ਲਾਗੂ ਕਰਨ ਦੀ ਮੰਗ ਕੀਤੀ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਾਲ ਸਿੰਘ ਧਨੌਲਾ ਨੇ ਮੋਦੀ ਹਕੂਮਤ ਵੱਲੋਂ ਮਜ਼ਦੂਰਾਂ ਕਿਸਾਨਾਂ ਵਿਰੁੱਧ ਕੀਤੇ ਜਾ ਰਹੇ ਚੌਤਰਫ਼ੇ ਨੀਤੀਗਤ ਹਮਲੇ ਤੇ ਕਾਰਪੋਰੇਟਸ ਨੂੰ ਲੁਟਾਏ ਜਾ ਰਹੇ ਅਸਾਸਿਆਂ ਵਾਲੀ ਲੋਕ ਦੋਖੀ ਪਹੁੰਚ ਦੀ ਤਿੱਖੀ ਨੁਕਤਾਚੀਨੀ ਕੀਤੀ। ਕੇਂਦਰੀ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਮਗਨਰੇਗਾ ਮਜ਼ਦੂਰਾਂ ਦੀ ਜਾਤ ਅਧਾਰਤ ਨਿਸ਼ਾਨਦੇਹੀ ਲਈ ਜਾਰੀ ਅਡਵਾਈਜ਼ਰੀ ਫੌਰੀ ਰੱਦ ਕਰਨ ਦੀ ਮੰਗ ਵੀ ਕੀਤੀ। ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਬਰਨਾਲਾ ਬਲਜੀਤ ਕੌਰ ਸੇਖਾ ਅਤੇ ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਦੀ ਜਨਰਲ ਸਕੱਤਰ ਹਰਪਾਲ ਕੌਰ ਬਰਨਾਲਾ ਨੇ ਵੀ ਸੰਬੋਧਨ ਕੀਤਾ। ਲਾਲ ਝੰਡਾ ਮਾਰਚ ਕਰਦਿਆਂ ਡੀ.ਸੀ. ਦਫ਼ਤਰ ਪੁੱਜ ਕੇ ਮੋਦੀ ਹਕੂਮਤ ਦਾ ਪਿੱਟ ਸਿਆਪਾ ਕੀਤਾ ਗਿਆ।
‘ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ ਕਿਸਾਨ ਸੰਘਰਸ਼਼ ’
ਬਰੇਟਾ (ਪੱਤਰ ਪ੍ਰੇਰਕ): ਖੇਤੀ ਤੇ ਕਿਸਾਨ ਵਿਰੋਧੀ ਮੰਨੇ ਤਿੰਨ ਕਾਲੇ ਕਾਨੂੰਨਾਂ ਦਾ ਸੰਘਰਸ਼ ਜਿਹੜਾ ਕਿ ਲੰਬਾ ਹੁੰਦਾ ਜਾ ਰਿਹਾ ਹੈ ਅਤੇ ਕਿਸਾਨ ਪੁਰਸ਼ ਤੇ ਮਹਿਲਾਵਾਂ ਸੰਘਰਸ਼ ਵਿਚ ਸ਼ਾਮਲ ਹੋ ਕੇ ਨਿੱਤ ਧਰਨੇ ਲਗਾ ਕੇ ਕਾਨੂੰਨਾਂ ਤੇ ਸਰਕਾਰਾਂ ਦੇ ਵਿਰੋਧ ਵਿਚ ਵਿਚਾਰਾਂ ਦੇ ਪ੍ਰਗਟਾਵੇ ਅਤੇ ਨਾਅਰੇਬਾਜ਼ੀ ਕਰਕੇ ਸੰਘਰਸ਼ ਨੂੰ ਜਾਰੀ ਰੱਖਣ ਲਈ ਦ੍ਰਿੜ ਹਨ। ਕਿਸਾਨਾਂ ਦਾ ਸਿੱਧਾ ਹੀ ਕਹਿਣਾ ਹੈ ਕਿ ਉਨ੍ਹਾਂ ਦਾ ਸੰਘਰਸ਼ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਇੱਥੇ ਪਟਰੋਲ ਪੰਪ ਤੇ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਦੇ ਧਰਨਿਆਂ ਦੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਸੇਖੂਪੁਰ ਖੁਡਾਲ, ਅਮਰਜੀਤ ਕੌਰ, ਰਾਮ ਸਿੰਘ ਦਿਆਲਪੁਰਾ, ਲੀਲਾ ਸਿੰਘ ਕਿਸ਼ਨਗੜ੍ਹ, ਚਰਨਜੀਤ ਸਿੰਘ ਬਹਾਦਰਪੁਰ, ਤਾਰਾ ਚੰਦ, ਅਮਰਜੀਤ ਕੌਰ ਬਰੇਟਾ, ਚਰਨਜੀਤ ਕੌਰ ਧਨਪੂਰਾ, ਅਮਰਜੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ ਬਹਾਦਰਪੁਰ ਆਦਿ ਸ਼ਾਮਿਲ ਸਨ|