ਪੱਤਰ ਪ੍ਰੇਰਕ
ਮਾਨਸਾ, 5 ਅਗਸਤ
ਪਟਵਾਰੀ ਅਤੇ ਕਾਨੂੰਨਗੋ ਤਾਲਮੇਲ ਕਮੇਟੀ ਮਾਨਸਾ ਦੇ ਆਗੂਆਂ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਤਹਿਸੀਲ ਪੱਧਰ ’ਤੇ ਧਰਨਾ ਲਾਉਂਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ 3 ਅਤੇ 4 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਦੀ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਮੰਗ ਕੀਤੀ ਕਿ 2016 ਵਿੱਚ ਭਰਤੀ ਹੋਏ 1227 ਪਟਵਾਰੀਆਂ ਦੀ ਟਰੇਨਿੰਗ ਨੂੰ ਪ੍ਰੋਬੇਸ਼ਨ ਵਿੱਚ ਗਿਣਿਆ ਜਾਵੇ ਅਤੇ ਪ੍ਰੋਬੇਸ਼ਨ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ, ਪਟਵਾਰੀਆਂ ਦਾ ਸਟੇਸ਼ਨਰੀ ਭੱਤਾ ਤੇ ਦਫ਼ਤਰੀ ਭੱਤਾ ਵਧਾਇਆ ਜਾਵੇ, ਪਟਵਾਰੀਆਂ ਦਾ ਟੌਲ ਪਲਾਜ਼ਾ ਮੁਆਫ਼ ਹੋਵੇ, ਪਟਵਾਰਖਾਨਿਆਂ ਦੀ ਮੁਰੰਮਤ ਕੀਤੀ ਜਾਵੇ ਅਤੇ 7 ਪਟਵਾਰੀਆਂ ਪਿੱਛੇ ਇੱਕ ਫੀਲਡ ਕਾਨੂੰਨਗੋ ਦੀ ਤਜਵੀਜ਼ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਇਹ ਮੰਗਾਂ ਪ੍ਰਵਾਨ ਨਹੀਂ ਕਰਦੀ, ਉਦੋਂ ਤੱਕ ਹਰ ਵੀਰਵਾਰ-ਸ਼ੁੱਕਰਵਾਰ ਤਹਿਸੀਲ ਪੱਧਰ ’ਤੇ ਧਰਨੇ ਲੱਗਦੇ ਰਹਿਣਗੇ ਅਤੇ ਵਾਧੂ ਸਰਕਲਾਂ ਦਾ ਕੰਮ ਬੰਦ ਰਹੇਗਾ। ਉਨ੍ਹਾਂ ਦੱਸਿਆ ਕਿ 9 ਤੋਂ 12 ਅਗਸਤ ਤੱਕ ਸਮੂਹਿਕ ਛੁੱਟੀ ਲਈ ਜਾਵੇਗੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਤਹਿਸੀਲ ਦੇ ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਪਟਵਾਰ ਕਾਨੂੰਨਗੋ ਸਰਕਲਾਂ ਦਾ ਕੰਮ ਪੂਰੇ ਪੰਜਾਬ ’ਚ ਬੰਦ ਕਰ ਦਿੱਤਾ ਗਿਆ ਸੀ। ਰੋਸ ਵਜੋਂ ਹਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਲਾਏ ਜਾਣ ਵਾਲੇ ਧਰਨੇ ਨੂੰ ਜਾਰੀ ਰੱਖਦਿਆਂ ਜਥੇਬੰਦੀ ਵੱਲੋਂ ਚੌਥੇ ਹਫ਼ਤੇ ਵੀ ਤਹਿਸੀਲ ਪੱਧਰੀ ਧਰਨਾ ਲਗਾਇਆ ਗਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਇੱਕ ਮਹੀਨੇ ਤੋਂ ਸ਼ੁਰੂ ਕੀਤੇ ਸੰਘਰਸ਼ ਦੌਰਾਨ ਅੱਜ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਦੌਰਾਨ ਵਰਿੰਦਰ ਢੋਸੀਵਾਲ ਅਤੇ ਹਰਜਿੰਦਰ ਸਿੰਘ ਸਣੇ ਹੋਰ ਕਰਮੀ ਵੀ ਸ਼ਾਮਲ ਹੋਏ। ਇਸ ਮੌਕੇ ‘ਦਿ ਰੈਵੇਨਿਊ ਪਟਵਾਰ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਕਾਨੂੰਗੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ, ਜਗਦੇਵ ਸਿੰਘ, ਸੁਖਦੇਵ ਮੁਹੰਮਦ, ਪਵਨ ਕੁਮਾਰ, ਇਕਬਾਲ ਸਿੰਘ, ਹਰਬੰਸ ਸਿੰਘ ਅਤੇ ਸੁਖਚੈਨ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਵਾਰ-ਵਾਰ ਵਾਅਦੇ ਕਰ ਕੇ ਮੁੱਕਰ ਰਹੀ ਹੈ।