ਖੇਤਰੀ ਪ੍ਰਤੀਨਿਧ
ਬਰਨਾਲਾ, 30 ਦਸੰਬਰ
ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ’ਤੇ ਆਧਾਰਤ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਸੱਦੇ ’ਤੇ ਲੰਘੇ ਦਿਨੀਂ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਦੀ ਸਿਆਸੀ ਅਧਾਰ ’ਤੇ ਕਥਿਤ ਸਾਜ਼ਿਸ਼ ਤਹਿਤ ਕੀਤੀ ਗਈ ਬਦਲੀ ਵਿਰੁੱਧ ਸਥਾਨਕ ਸਿਵਲ ਹਸਪਤਾਲ ਪਾਰਕ ਵਿੱਚ ਭਰਵੀਂ ਰੈਲੀ ਉਪਰੰਤ ਡੀਸੀ ਦਫਤਰ ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ ਤੇ ਫੌਰੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ’ਚ ਸ਼ਾਮਲ ਆਗੂਆਂ ਬਲਵੰਤ ਸਿੰਘ ਉੱਪਲੀ, ਮੇਲਾ ਸਿੰਘ ਕੱਟੂ, ਗੁਰਮੀਤ ਸੁਖਪੁਰਾ, ਜਗਰਾਜ ਸਿੰਘ ਟੱਲੇਵਾਲ, ਗਰਪੀਤ ਰੂੜੇਕੇ, ਖੁਸ਼ੀਆ ਸਿੰਘ, ਸੰਦੀਪ ਕੌਰ ਨੇ ਕਿਹਾ ਕਿ ਵਧੀਆ ਸੇਵਾਵਾਂ ਬਦਲੇ ਖੁਦ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨੇ ਜਾ ਚੁੱਕੇ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਦੀ ਸਿਆਸੀ ਸਾਜ਼ਿਸ਼ ਤਹਿਤ ਕੀਤੀ ਨਾਜਾਇਜ਼ ਬਦਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਔਲਖ ਦਾ ਕਸੂਰ ਇਹ ਸੀ ਕਿ ਉਸ ਨੇ ਹਸਪਤਾਲ ’ਚ ਕਥਿਤ ਬੇਨਿਯਮੀਆਂ ਕਰਨ ਵਾਲੇ ਦੋ ਸਿਆਸੀ ਰਸੂਖਦਾਰ ਡਾਕਟਰਾਂ ਖਿਲਾਫ਼ ਤੱਥਾਂ ਦੇ ਅਧਾਰ ’ਤੇ ਕਾਰਵਾਈ ਕਰਕੇ ਆਪਣੇ ਸੁਹਿਰਦਤਾ ਨਾਲ ਫਰਜ਼ ਨਿਭਾਏ ਸਨ ਜਿਨ੍ਹਾਂ ਨੂੰ ਸਿਆਸੀ ਜ਼ੋਰ ’ਤੇ ਮੁੜ ਬਹਾਲ ਕਰ ਦਿੱਤਾ ਗਿਆ ਤੇ ਕਾਰਵਾਈ ਕਰਨ ਵਾਲੇ ਇਸ ਡਾਕਟਰ ਦੀ ਬਦਲੀ ਕਰਕੇ ਸਜ਼ਾ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।