ਹਰਦੀਪ ਸਿੰਘ ਜਟਾਣਾ
ਮਾਨਸਾ, 23 ਮਾਰਚ
ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ 31 ਮਾਰਚ ਤੱਕ ਬੰਦ ਕੀਤੇ ਜਾਣ ਦੇ ਫੈਸਲੇ ਦਾ ਅੱਜ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ’ਤੇ ਤਿੱਖਾ ਵਿਰੋਧ ਹੋਇਆ। ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕਰ ਕੇ ਬੰਦ ਕੀਤੇ ਸਕੂਲ ਖੋਲ੍ਹਣ ਲਈ ਅੱਜ ਜ਼ਿਲ੍ਹੇ ਭਰ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਮਾਪੇ, ਵਿਦਿਆਰਥੀ ,ਅਧਿਆਪਕ ,ਵੈਨ ਚਾਲਕ, ਸਫਾਈ ਸੇਵਕ , ਕਿਸਾਨ ਯੁਨੀਅਨਾਂ ਦੇ ਆਗੂ ਅਤੇ ਸਮਾਜ ਸੇਵੀ ਕਾਰਕੁਨਾਂ ਨੇ ਸੜਕਾਂ ਕਿਨਾਰੇ ਖੜ੍ਹ ਕੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਦੂਰ ਰਹਿ ਕੇ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। ਵਿਰੋਧ ਪ੍ਰਗਟ ਕਰਨ ਵਾਲਿਆਂ ਨੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਕਰੋਨਾ ਦੀ ਆੜ ’ਚ ਸਕੂਲ ਬੰਦ ਕਰ ਕੇ ਪੰਜਾਬ ਦੇ ਪੰਜਾਹ ਲੱਖ ਵਿਦਿਆਰਥੀਆਂ ਨੂੰ ਅਗਿਆਨਤਾ ਦੀ ਖਾਈ ’ਚ ਨਾ ਧੱਕਿਆ ਜਾਵੇ, ਸਰਕਾਰੀ ਕਰੋਨਾ ਮੁਰਦਾਬਾਦ, ਸਕੂਲ ਖੋਲ੍ਹੋ, ਠੇਕੇ ਬੰਦ ਕਰੋ ਆਦਿ ਲਿਖਿਆ ਹੋਇਆ ਸੀ। ਅੱਜ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ, ਜੌੜਕੀਆਂ, ਬਰੇਟਾ, ਬੋਹਾ, ਬੁਢਲਾਡਾ, ਝੁਨੀਰ, ਸਰਦੂਲਗੜ੍ਹ, ਕਾਹਨਗੜ੍ਹ, ਰੱਲਾ, ਮਾਨਸਾ, ਬਰਨਾਲਾ, ਉੱਭਾ ਜੋਗਾ ਕੂਲਰੀਆਂ ਸਮੇਤ ਸਵਾ ਸੌ ਤੋਂ ਵੀ ਜ਼ਿਆਦਾ ਪਿੰਡਾਂ ’ਚ ਮੁੱਖ ਸੜਕਾਂ ਕਿਨਾਰੇ ਵਿਰੋਧ ਪ੍ਰਦਰਸ਼ਨ ਹੋਏ। ਇਸ ਮੌਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਸਕੂਲ ਤੁਰੰਤ ਨਾ ਖੋਲ੍ਹੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾੇਵਗਾ।