ਪੱਤਰ ਪ੍ਰੇਰਕ
ਮਾਨਸਾ, 25 ਜੁਲਾਈ
ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਖ਼ਿਲਾਫ਼ ਕਾਰਪੋਰੇਸ਼ਨ ਵਿਚਲੀਆਂ ਜਥੇਬੰਦੀਆਂ ਮੈਦਾਨ ਵਿੱਚ ਉਤਰ ਆਈਆਂ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਨਿੱਜੀਕਰਨ ਖ਼ਿਲਾਫ਼ ਬਕਾਇਦਾ ਪਹਿਰਾ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਅਚਾਨਕ ਹੀ 219 ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਉਣ ਦੇ ਐਲਾਨ ਤੋਂ ਬਾਅਦ ਬਕਾਇਦਾ ਕਾਰਵਾਈਆਂ ਆਰੰਭ ਹੋ ਗਈਆਂ ਹਨ। ਪੀਆਰਟੀਸੀ ਦੇ ਪ੍ਰਬੰਧਕਾਂ ਨੇ ਮੰਨਿਆ ਕਿ ਪੰਜਾਬ ਵਿੱਚ ਲੋਕਾਂ ਨੂੰ ਚੰਗੀ ਸੇਵਾ ਦੇਣ ਦੇ ਮਨਸੂਬੇ ਨਾਲ ਹੀ 219 ਬੱਸਾਂ ਨੂੰ ਪਾਇਆ ਜਾ ਰਿਹਾ ਹੈ। ਉਧਰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਡਿਆਂ ਘਰਾਣਿਆਂ ਦੀਆਂ ਬੱਸਾਂ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਪਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੀ ਨੀਤੀ ਸਾਹਮਣੇ ਆਈ ਹੈ। ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਨੇ ਵੀ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪੇਂਡੂ ਰੂਟਾਂ ’ਤੇ ਬੰਦ ਕੀਤੀਆਂ ਵੱਡੀਆਂ ਅਤੇ ਮਿਨੀ ਬੱਸਾਂ ਨੂੰ ਚਾਲੂ ਕਰਨਾ ਚਾਹੀਦਾ ਹੈ।