ਸ਼ਗਨ ਕਟਾਰੀਆ
ਜੈਤੋ, 1 ਦਸੰਬਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਦਸੰਬਰ ਵਿੱਚ ਸ਼ੁਰੂ ਹੋਣ ਵਾਲੀਆਂ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖ਼ਿਆਵਾਂ ਜਨਵਰੀ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਵਫ਼ਦ ਨੇ ਇਸ ਸਬੰਧ ’ਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਂ ਇਕ ਮੰਗ ਪੱਤਰ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਨੂੰ ਸੌਂਪਿਆ। ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਸੰਬਰ-ਜਨਵਰੀ ਮਹੀਨੇ ਕਰਵਾਈਆਂ ਜਾਣ ਵਾਲੀਆਂ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਵੱਖ-ਵੱਖ ਕਾਲਜਾਂ (ਕਾਂਸਟੀਚਿਊਐਂਟ, ਸਰਕਾਰੀ, ਨੇਬਰਹੁੱਡ ਕੈਂਪਸ) ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੇਪਰ 17 ਦਸੰਬਰ ਤੋਂ ਸ਼ੁਰੂ ਹੋਣੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਮੌਜੂਦਾ ਸੈਸ਼ਨ ਕਾਲਜਾਂ ਦੇ ਵਿੱਚ ਦੇਰੀ ਨਾਲ ਸ਼ੁਰੂ ਹੋਇਆ ਹੈ। ਇਸ ਦੇ ਨਾਲ ਹੀ ਕਾਲਜਾਂ ਵਿੱਚ ਹੋਏ ‘ਯੂਥ ਫੈਸਟੀਵਲ’ ਸਮਾਗਮਾਂ ਕਾਰਨ ਵਿਦਿਆਰਥੀਆਂ ਦੀਆਂ ਕਲਾਸਾਂ ਨਹੀਂ ਲੱਗ ਸਕੀਆਂ। ਕਾਲਜਾਂ ’ਚ ਵੱਡੀ ਗਿਣਤੀ ’ਚ ਕੱਚੇ ਪ੍ਰੋਫੈਸਰ ਪੜ੍ਹਾ ਰਹੇ ਹਨ ਜੋ ਪੰਜਾਬ ਸਰਕਾਰ ਵੱਲੋਂ ਕਾਲਜਾਂ ’ਚ ਪੱਕੀ ਭਰਤੀ ਲਈ ਕੱਢੀਆਂ ਅਸਾਮੀਆਂ ਕਾਰਨ ਕਲਾਸਾਂ ਨਹੀਂ ਲਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭਨਾਂ ਕਾਰਨਾਂ ਕਰਕੇ ਵਿਦਿਆਰਥੀਆਂ ਦੇ ਸਿਲੇਬਸ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰੀਖਿਆਵਾਂ ਜਨਵਰੀ-2022 ਤੋਂ ਸ਼ੁਰੂ ਕੀਤੀਆਂ ਜਾਣ ਅਤੇ ਕਲਾਸਾਂ ਲਾ ਕੇ ਅਧੂਰਾ ਪਿਆ ਸਿਲੇਬਸ ਪੂਰਾ ਕਰਵਾਇਆ ਜਾਵੇ। ਇਸ ਮੌਕੇ ਗੁਰਵਿੰਦਰ ਬਰਾੜ, ਅਨਮੋਲ ਦਬੜ੍ਹੀਖਾਨਾ, ਹਰਗੁਣ ਸੇਵੇਵਾਲਾ, ਰਾਮ ਮੱਲਣ, ਸਾਹਿਲ ਕੁਮਾਰ, ਚੰਦਨ, ਗੁਰਮੇਲ, ਗੁਰਸਿਮਰਨ, ਮੋਹਿਤ, ਸਾਹਿਲ, ਅਮਨ, ਅਰਸ਼ਦੀਪ, ਲਖਵੀਰ, ਲਛਮਣ, ਰਾਹੁਲ, ਹਰਦੀਪ, ਯਾਦਵਿੰਦਰ, ਕਰਨ ਸ਼ਰਮਾ ਆਦਿ ਵਿਦਿਆਰਥੀ ਹਾਜ਼ਰ ਸਨ।