ਪਰਸ਼ੋਤਮ ਬੱਲੀ
ਬਰਨਾਲਾ, 29 ਅਕਤੂਬਰ
ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕਥਿਤ ਤੌਰ ’ਤੇ ਭਰੋਸਾ ਦੇਣ ਦੇ ਬਾਵਜੂਦ ਟਿਕਟ ਨਾ ਦਿੱਤੇ ਜਾਣ ਤੋਂ ਖਫ਼ਾ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਅਖਾੜੇ ‘ਚ ਨਿੱਤਰੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਗੁਰਦੀਪ ਸਿੰਘ ਬਾਠ ਨੂੰ ‘ਆਪ’ ਵਿਚੋਂ ਕੱਢ ਦਿੱਤਾ ਗਿਆ ਹੈ।
‘ਆਪ’ ਦੇ ਚੰਡੀਗੜ੍ਹ ਦਫ਼ਤਰ ਤੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਦਸਤਖ਼ਤਾਂ ਹੇਠ ਜਾਰੀ ਬਰਖ਼ਾਸਤਗੀ ਪੱਤਰ ‘ਚ ਕਿਹਾ ਗਿਆ ਹੈ, ‘‘ਤੁਸੀਂ (ਬਾਠ) ਪਾਰਟੀ ਦੇ ਵਿਰੁੱਧ ਜ਼ਿਮਨੀ ਚੋਣ ਲੜ ਰਹੇ ਹੋ ਅਤੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹੋ, ਜਿਸ ਨਾਲ ਪਾਰਟੀ ਦੀ ਛਵੀ ਨੂੰ ਨੁਕਸਾਨ ਪੁੱਜਾ ਹੈ। ਪਾਰਟੀ ਦੇ ਅਹੁਦੇਦਾਰ ਹੋਣ ਕਾਰਨ ਤੁਹਾਨੂੰ ਪਾਰਟੀ ਪ੍ਰਤੀਨਿਧ ਵਜੋਂ ਦੇਖਿਆ ਜਾ ਰਿਹਾ ਹੈ। ਇਹ ਅਨੁਸ਼ਾਸਨਹੀਣਤਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਇਸ ਕਾਰਨ ਤੁਹਾਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ।’’