ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 2 ਮਈ
ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਕਾਰਨ ਜਿਥੇ ਸੂਬੇ ਵਿੱਚ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਤੇ ਹਫ਼ਤਾਵਰੀ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਨਜ਼ਰ ਆਏ , ਜੋ ਸਰਕਾਰ ਦੇ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਸਨ। ਮੰਡੀ ਲਾਧੂਕਾ ਅਧੀਨ ਆਉਂਦੇ ਪਿੰਡ ਫਤਿਹਗੜ੍ਹ ਵਿੱਚ ਵੀ ਠੇਕੇ ਖੁੱਲ੍ਹੇ ਰਹੇ। ਜਦੋਂ ਇਸ ਸਬੰਧੀ ਠੇਕਾ ਚਾਲਕ ਜਨਕ ਰਾਜ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਲੌਕਡਾਊਨ ਹੋਣ ਕਾਰਨ ਅਸੀਂ ਠੇਕੇ ਨਹੀਂ ਖੋਲ੍ਹਦੇ ਪਰ ਜਦੋਂ ਵੀ ਕੋਈ ਗਾਹਕ ਆਉਂਦਾ ਹੈ, ਤਾਂ ਉਸ ਵਕਤ ਠੇਕਾ ਖੋਲ੍ਹ ਕੇ ਸ਼ਰਾਬ ਕੱਢ ਦਿੰਦੇ ਹਾਂ। ਉਸਨੇ ਇਹ ਵੀ ਦੱਸਿਆ ਕਿ ਇਹ ਠੇਕਾ ਪਿੰਡ ਵਿਚ ਅਤੇ ਦੂਸਰਾ ਅੱਡੇ ਉੱਪਰ ਹੈ ਜਿਥੋਂ ਲੋੜ ਪੈਣ ’ਤੇ ਸ਼ਰਾਬ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਜਦੋਂ ਇਸ ਸਬੰਧ ਵਿਚ ਮੰਡੀ ਲਾਧੂਕਾ ਦੇ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਜਾ ਕੇ ਇਸ ਗੱਲ ਦੀ ਜਾਂਚ ਕਰਨਗੇ ਤੇ ਜੇ ਦੋਸ਼ੀ ਪਾਏ ਜਾਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਕਰੋਨਾ ਕਾਰਨ ਮੁਲਕ ਵਿੱਚ ਹਾਲਾਤ ਗੰਭੀਰ ਬਣੇ ਹੋਏ ਹਨ। ਲੌਕਡਾਊਨ ਲਾਉਣ ਦੇ ਅਧਿਕਾਰ ਸੂਬਾ ਸਰਕਾਰਾਂ ਨੂੰ ਦਿੱਤੇ ਗਏ ਹਨ। ਸੂਬੇ ਵਿੱਚ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਸਰਕਾਰ ਨਿੱਤ ਨਵੀਆਂ ਪਾਬੰਦੀਆਂ ਲਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਲੋਕਡਾਊਨ ਦੌਰਾਨ ਠੇਕਿਆਂ ਦਾ ਖੁਲ੍ਹਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਸ ਸਬੰਧੀ ਕਾਰਵਾਈ ਕੀਤੇ ਜਾਣ ਦੀ ਲੋੜ ਹੈ।