ਰਵਿੰਦਰ ਰਵੀ
ਬਰਨਾਲਾ, 12 ਸਤੰਬਰ
ਸਰਕਾਰੀ ਹਸਪਤਾਲ ਦੀਆਂ ਨਰਸਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਦੋ ਘੰਟੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਸਟਾਫ਼ ਨਰਸ ਕਿਰਨਜੀਤ ਕੌਰਬਲਜੀਤ ਕੌਰ ਅਤੇ ਜਗਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ‘ਨਰਸਿੰਗ ਆਫ਼ੀਸਰ’ ਦਾ ਦਰਜਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਵੀ ਪੰਜਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਹੀ ਉਨ੍ਹਾਂ ਨੂੰ ਤਨਖ਼ਾਹ ਦਿੱਤੀ ਜਾ ਰਹੀ ਹੈ ਜਦੋਂਕਿ ਨਵੀਂ ਭਰਤੀ ਹੋਣ ਵਾਲੀਆਂ ਨਰਸਾਂ ਨੂੰ ਸੱਤਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਸਰਾਸਰ ਧੱਕਾ ਹੈ। ਨਰਸਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਨਰਸਿੰਗ ਅਧਿਕਾਰੀ ਦਾ ਦਰਜਾ ਦਿੱਤਾ ਜਾਵੇ।
ਬਠਿੰਡਾ (ਮਨੋਜ ਸ਼ਰਮਾ): ਇੱਥੇ ਨਰਸਿੰਗ ਐਸੋਸੀਏਸ਼ਨ ਬਠਿੰਡਾ ਦੇ ਬੈਨਰ ਹੇਠ ਸਿਵਲ ਹਸਪਤਾਲ ਬਠਿੰਡਾ ਵਿੱਚ ਨਰਸਿੰਗ ਸਟਾਫ਼ ਨੇ ਕਾਲੇ ਬਿੱਲੇ ਲਗਾ ਕੇ ਸੰਕੇਤਕ ਰੂਪ ’ਚ ਰੋਸ ਜ਼ਾਹਰ ਕੀਤਾ। ਨਰਸਿੰਗ ਐਸੋਸੀਏਸ਼ਨ ਬਠਿੰਡਾ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨਰਸਿੰਗ ਸਟਾਫ਼ ਦਾ ਦਰਜਾ ਪੰਜਾਬ ਸਰਕਾਰ ਵੱਲੋਂ ਘਟਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਾਬਲੀਅਤ ਅਨੁਸਾਰ ਦਰਜਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਨਰਸਿੰਗ ਸਟਾਫ਼ ਕਰੋਨਾ ਮਹਾਂਮਾਰੀ ਦੇ ਸਮੇਂ ’ਚ ਫਰੰਟਲਾਈਨ ‘ਤੇ ਆਪਣਾ ਕੰਮ ਕਰ ਰਿਹਾ ਹੈ ਤਾਂ ਇਸ ਦੇ ਬਾਵਜੂਦ ਮੌਜੂਦਾ ਸਰਕਾਰ ਵੱਲੋਂ ਵੀ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਨਵੀਂ ਭਰਤੀ ਵਿੱਚ ਸਟਾਫ਼ ਨਰਸ ਦੇ ਪੱਧਰ ਨੂੰ ਲੈਵਲ 7 ਤੋਂ ਲੈਵਲ 5 ਤੱਕ ਘਟਾ ਦਿੱਤਾ ਗਿਆ ਹੈ। ਡੀਆਰਐੱਮਈ ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ ਅਨੁਸਾਰ ਹੁਣ ਨਵੇਂ ਸਟਾਫ਼ ਨੂੰ ਦਰਜਾ ਚਾਰ ਬਰਾਬਰ ਤਨਖਾਹ ਦੇਣਾ ਨਿਸ਼ਚਿਤ ਕੀਤਾ ਗਿਆ ਹੈੈ।
ਮੰਗਾਂ ਸਬੰਧੀ ਮਨਿੰਦਰਪਾਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਬਠਿੰਡਾ ਨੂੰ ਮਿਲਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਨਰਸਿੰਗ ਐਸੋਸੀਏਸ਼ਨ ਬਠਿੰਡਾ ਦੇ ਅਹੁਦੇਦਾਰ ਸਵਰਨਜੀਤ ਕੌਰ ਪ੍ਰਧਾਨ, ਰਾਜਿੰਦਰਪਾਲ ਕੌਰ ਜਨਰਲ ਸਕੱਤਰ, ਪਰਮਜੀਤ ਸਿੱਧੂ, ਸੋਨੀਆ ਜੌਨ ਦੋਵੇਂ ਵਾਈਸ ਪ੍ਰਧਾਨ, ਰਵਿੰਦਰਪਾਲ ਕੌਰ, ਕੁਲਦੀਪ ਕੌਰ ਦੋਵੇਂ ਜੁਆਇੰਟ ਸਕੱਤਰ, ਰੁਖਸਾਨਾ ਕੈਸ਼ੀਅਰ, ਦੀਪਕ ਕੁਮਾਰ ਪ੍ਰੈੱਸ ਸਕੱਤਰ, ਕਿਰਨਦੀਪ ਕੌਰ ਮੁੱਖ ਸਲਾਹਕਾਰ ਤੋਂ ਇਲਾਵਾ ਵੀਨਾ ਗੁਪਤਾ, ਅਨੀਤਾ ਬਾਵਾ, ਗਗਨਦੀਪ ਕੌਰ ਮੋਨਿਕਾ ਤੇ ਸੁਖਵੀਰ ਕੌਰ ਹਾਜ਼ਰ ਸਨ।