ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 16 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਨਾਜਾਇਜ ਫੀਸਾਂ, ਪੰਜਾਬ ਯੂਨੀਵਰਸਿਟੀ ਵੱਲੋਂ ਵਧਾਈਆਂ 10 ਫ਼ੀਸਦ ਫੀਸਾਂ ਦੇ ਵਿਰੋਧ ’ਚ ਅਤੇ ਐਮ.ਆਰ ਸਰਕਾਰੀ ਕਾਲਜ ਫਾਜ਼ਿਲਕਾ ’ਚ ਪ੍ਰੋਫੈਸਰਾਂ ਦੀ ਘਾਟ ਨੂੰ ਪੂਰਾ ਕਰਾਉਣ ਅਤੇ ਮਾਸਟਰ ਡਿਗਰੀ ਦੇ ਕੋਰਸ ਸ਼ੁਰੂ ਕਰਾਉਣ ਸਬੰਧੀ ਅੱਜ ਵਿਦਿਆਰਥੀਆਂ ਵੱਲੋਂ ਸ਼ਹਿਰ ’ਚ ਪੈਦਲ ਰੋਸ ਮਾਰਚ ਕਰਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ ਦਾ ਘਿਰਾਓ ਕੀਤਾ ਗਿਆ। ਮਗਰੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਨਾਮ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਨੀਲ ਸਚਦੇਵਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਕਮਲਜੀਤ ਮੁਹਾਰ ਖੀਵਾ ਅਤੇ ਮਮਤਾ ਲਾਧੂਕਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐੱਸਸੀ ਵਿਦਿਆਰਥੀਆਂ ਦੀਆਂ ਪੂਰੀਆਂ ਫੀਸਾਂ ਮੁਆਫ਼ ਹਨ। ਉਨ੍ਹਾਂ ਕਿਹਾ ਕਿ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ’ਚ ਇਹ ਫੀਸਾਂ ਨਿਯਮਾਂ ਦੇ ਉਲਟ ਜਾ ਕੇ ਭਰਵਾਈਆਂ ਜਾ ਰਹੀਆਂ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਫੀਸਾਂ ਮੁਆਫ਼ ਨਾ ਹੋਈਆਂ ਅਤੇ ਕਾਲਜ ’ਚ ਪ੍ਰੋਫੈਸਰ ਪੂਰੇ ਨਾ ਕੀਤੇ ਗਏ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।