ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੂਨ
ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਦੇ ਮੁੱਢਲੇ ਦਿਨਾਂ ਵਿੱਚ ਹੀ ਪਰਵਾਸੀ ਮਜ਼ਦੂਰਾਂ ਦੀ ਖੇਤਾਂ ਵਿੱਚ ਘਾਟ ਰੜਕਣ ਲੱਗੀ ਹੈ। ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ਵਿੱਚ ਪੁੱਜਣ ਨੂੰ ਲੈਕੇ ਅੱਜ ਕੱਲ੍ਹ ਪਿੰਡਾਂ ਦੀ ਪੰਜਾਬੀ ਲੇਬਰ ਤੋਂ ਝੋਨੇ ਨੂੰ ਲੁਆਉਣ ਦਾ ਜੁਗਾੜ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ’ਚੋਂ ਵੇਰਵੇ ਪ੍ਰਾਪਤ ਹੋਏ ਹਨ ਕਿ ਕਿਸਾਨਾਂ ਨੇ ਅੱਜ ਦੂਸਰੇ ਦਿਨ ਝੋਨੇ ਦੀ ਲੁਆਈ ਵੇਲੇ ਪੰਜਾਬੀ ਲੇਬਰ ਨਾਲ ਝੋਨੇ ਨੂੰ ਲਾਇਆ ਜਦੋਂ ਕਿ ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਅਜੇ ਤੱਕ ਬਹੁਤ ਘੱਟ ਨਜ਼ਰ ਆਏ। ਇਸੇ ਦੌਰਾਨ ਪਿੰਡਾਂ ਦੀਆਂ ਔਰਤਾਂ ਵੀ ਝੋਨੇ ਦੀ ਲੁਆਈ ਵਿੱਚ ਹੱਥ ਵੰਡਾ ਰਹੀਆਂ ਹਨ।
ਉਧਰ, ਖੇਤੀਬਾੜੀ ਮਹਿਕਮੇ ਦੇ ਬਲਾਕ ਵਿਕਾਸ ਅਫਸਰ ਡਾ. ਮਨੋਜ ਕੁਮਾਰ ਨੇ ਮੰਨਿਆ ਕਿ ਕਿਸਾਨਾਂ ਨੇ ਤੇਜ਼ੀ ਨਾਲ ਝੋਨੇ ਦੀ ਲੁਆਈ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਘਟਣ ਦੀ ਉਮੀਦ ਹੈ। ਇਸ ਨਾਲ ਝੋਨਾ ਲੱਗਦਿਆਂ ਹੀ ਚੱਲਣ ਦੀ ਸੰਭਾਵਨਾ ਬਣ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਖੇਤੀ ਮੌਸਮ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿਚ ਬਾਰਸ਼ ਹੋ ਸਕਦੀ ਹੈ। ਹੁਣ ਕਿਸਾਨ ਇੰਟਰਨੈਟ ਦਾ ਸਹਾਰਾ ਲੈਕੇ ਮੌਸਮ ਦੀ ਜਾਣਕਾਰੀ ਰੱਖਣ ਲੱਗ ਪਿਆ ਹੈ ਜਿਸ ਕਾਰਨ ਅਗਾਂਹਵਧੂ ਕਿਸਾਨ, ਪਰਵਾਸੀ ਮਜ਼ਦੂਰਾਂ ਨੂੰ ਉਡੀਕਣ ਦੀ ਬਜਾਏ ਦੇਸੀ ਲੇਬਰ ਰਾਹੀਂ ਝੋਨਾ ਲਗਵਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮੀਂਹਾਂ ਦੌਰਾਨ ਝੋਨੇ ਦੀ ਪਨੀਰੀ ਲੱਗਣ ਸਾਰ, ਜੇਕਰ ਤਾਪਮਾਨ ਘੱਟ ਜਾਵੇ ਤਾਂ ਝੋਨਾ ਤੁਰੰਤ ਚੱਲ ਪੈਂਦਾ ਹੈ।
ਝੋਨਾ ਲਾਉਣ ਲਈ ਪਰਵਾਸੀ ਮਜ਼ਦੂਰ ਪਹੁੰਚੇ
ਟੱਲੇਵਾਲ (ਲਖਵੀਰ ਸਿੰਘ ਚੀਮਾ): ਝੋਨੇ ਦੀ ਲੁਆਈ ਦਾ ਕੰਮ ਜਾਰੀ ਹੈ। ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਿਆ। ਇਸ ਵਾਰ ਭਾਵੇਂ ਕਰੋਨਾ ਕਾਰਨ ਲੌਕਡਾਊਨ ਜਾਰੀ ਹੈ ਅਤੇ ਪੰਜਾਬ ਵਿੱਚ ਗੱਡੀਆਂ ਦੀ ਆਵਾਜਾਈ ਬੰਦ ਹੀ ਹੈ ਪਰ ਇਸ ਦੇ ਬਾਵਜੂਦ ਪਰਵਾਸੀ ਮਜ਼ਦੂਰ ਇਥੇ ਪਹੁੰਚੇ ਰਹੇ ਹਨ। ਪਿੰਡ ਚੀਮਾ ਵਿਖੇ ਝੋਨਾ ਲਗਾ ਰਹੇ ਪਰਵਾਸੀ ਮਜ਼ਦੂਰ ਚੰਦੂ ਠਾਕੁਰ ਨੇ ਦੱਸਿਆ ਕਿ ਐਤਕੀਂ ਬਿਹਾਰ ਤੋਂ ਲੈ ਕੇ ਅੰਬਾਲਾ ਤੱਕ ਰੇਲ ਗੱਡੀਆਂ ਚਾਲੂ ਹਨ। ਜਿਸ ਕਰਕੇ ਉਹ ਅੰਬਾਲੇ ਤੋਂ ਬੱਸਾਂ ਰਾਹੀਂ ਪਿੰਡ ਝੋਨਾ ਲਗਾਉਣ ਆਏ ਹਨ। ਪਿਛਲੇ ਵਾਰ ਦੇ ਮੁਕਾਬਲੇ ਬਿਹਾਰ ਤੋਂ ਵੱਡੀ ਗਿਣਤੀ ’ਚ ਮਜ਼ਦੂਰ ਝੋਨਾ ਲਗਾਉਣ ਪੰਜਾਬ ਆਏ ਹਨ। ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਪਿਛਲੇ ਵਰ੍ਹੇ ਝੋਨੇ ਦੀ ਲੁਆਈ ਦਾ ਰੇਟ ਵੀ ਵੱਧ ਸੀ। ਕਿਸਾਨ ਗੁਰਮੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ ਵਰ੍ਹੇ ਮਜ਼ਦੂਰਾਂ ਦੀ ਘਾਟ ਕਾਰਨ ਦੇਸੀ ਮਜ਼ਦੂਰਾਂ ਨੂੰ ਪ੍ਰਤੀ ਕਿੱਲਾ ਝੋਨਾ ਲਵਾਈ ਦਾ 5 ਤੋਂ 6 ਹਜ਼ਾਰ ਤੱਕ ਵੀ ਦੇਣਾ ਪਿਆ ਸੀ। ਇਸ ਵਾਰ ਦੇਸੀ ਮਜ਼ਦੂਰ 4 ਹਜ਼ਾਰ ਅਤੇ ਰੋਟੀ ਪਾਣੀ ਲੈ ਰਹੇ ਹਨ। ਜਦਕਿ ਪ੍ਰਵਾਸੀ ਮਜ਼ਦੂਰ ਬਿਨਾ ਕਿਸੇ ਰੋਟੀ ਪਾਣੀ ਦੇ 35 ਤੋਂ 3700 ਰੁਪਏ ਪ੍ਰਤੀ ਏਕੜ ਝੋਨੇ ਦੀ ਲੁਆਈ ਲੈ ਰਹੇ ਹਨ।