ਪੱਤਰ ਪ੍ਰੇਰਕ
ਬਠਿੰਡਾ, 12 ਅਕਤੂਬਰ
ਸਿਹਤ ਵਿਭਾਗ ਵੱਲੋਂ ਕੱਢੀਆਂ ਗਈਆਂ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀਆਂ ਲਿਖ਼ਤੀ ਪ੍ਰੀਖ਼ਿਆਵਾਂ ਵਿੱਚ ਨਕਲ ਹੋਣ ਦੇ ਹੋਏ ਖੁਲਾਸਿਆਂ ਮਗਰੋਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ 26 ਅਕਤੂਬਰ ਨੂੰ ਹੋਣ ਵਾਲੇ ਵਰਕਰ ਪੁਰਸ਼ ਅਤੇ ਮਹਿਲਾ ਦੇ ਲਿਖ਼ਤੀ ਪੇਪਰ ਵਿੱਚ ਵੀ ਅਜਿਹਾ ਕੁਝ ਹੋਣ ਦੇ ਖਦਸ਼ੇ ਜ਼ਾਹਿਰ ਕੀਤੇ।
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਆਗੂ ਪ੍ਰੇਮਜੀਤ ਪੱਪੂ ਬਾਲਿਆਂਵਾਲੀ ਨੇ ਕਿਹਾ ਕਿ ਪਿਛਲੇ ਦਿਨੀਂ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵੱਲੋਂ ਦੰਦਾਂ ਦੇ ਡਾਕਟਰਾਂ ਦੀ ਰੱਖੀ ਗਈ ਲਿਖ਼ਤੀ ਪ੍ਰੀਖਿਆ ਤਹਿਤ ਅੰਮ੍ਰਿਤਸਰ ਵਿਖੇ ਬਣਾਏ ਸੈਂਟਰ ਵਿੱਚ ਡਿਊਟੀ ਉੱਤੇ ਤਾਇਨਾਤ ਸਟਾਫ ਵੱਲੋਂ ਪ੍ਰੀਖਿਆਰਥੀਆਂ ਨੂੰ ਨਕਲ ਕਰਵਾਏ ਜਾਣ ਦੇ ਖੁਲਾਸੇ ਹੋਏ ਹਨ।
ਪ੍ਰੀਖ਼ਿਆ ਪਾਰਦਰਸ਼ਤਾ ਨਾਲ ਕਰਵਾਉਣ ਦੀ ਮੰਗ
ਮਾਨਸਾ(ਪੱਤਰ ਪ੍ਰੇਰਕ): ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਆਗੂ ਨਵਦੀਪ ਸਿੰਘ ਰੋਮਾਣਾ ਬੁਰਜਹਰੀ ਨੇ ਕਸ਼ੰਕਾ ਪ੍ਰਗਟ ਕੀਤਾ ਕਿ ਅਜਿਹਾ ਕੁੱਝ ਹੁਣ ਤੱਕ ਹੋਈਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਹੀ ਵਾਪਰਿਆ ਹੋਵੇਗਾ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਵੀ ਅਜਿਹੇ ਮਾਫ਼ੀਆ ਸਰਗਰਮ ਰਹਿਣ ਦੇ ਅੰਦੇਸ਼ੇ ਹਨ। ਉਨ੍ਹਾਂ ਕਿਹਾ ਕਿ ਕੁੱਝ ਰਾਜਨੀਤਕ ਲੋਕ ਪੇਪਰ ਲੀਕ ਕਰਵਾ ਕੇ ਦੇਣ ਦਾ ਪ੍ਰਚਾਰ ਵੀ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਲਿਖਤੀ ਪ੍ਰੀਖ਼ਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾਵੇ