ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਨਵੰਬਰ
ਪੰਜਾਬ ਪੁਲੀਸ ’ਚ ਭਰਤੀ ਲਈ ਜਾਰੀ ਮੈਰਿਟ ਸੂਚੀ ’ਚ ਧਾਂਦਲੀਆਂ ਦਾ ਦੋਸ਼ ਲਗਾਉਂਦੇ ਹੋਏ ਸਿਪਾਹੀ ਭਰਤੀ ਹੋਣ ਲਈ ਜੱਦੋ-ਜਹਿਦ ਕਰ ਰਹੀਆਂ ਮੁਟਿਆਰਾਂ ਤੇ ਨੌਜਵਾਨਾ ਨੇ ਡੀਸੀ ਦੀ ਰਿਹਾਇਸ਼ ਅੱਗੇ ਦੋ ਘੰਟੇ ਚੱਕਾ ਜਾਮ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੈਰਿਟ ਸੂਚੀ ’ਚ ਕਥਿਤ ਗੜਬੜੀ ਦੇ ਗੰਭੀਰ ਦੋਸ਼ ਲਗਾਏ।
ਇਸ ਮੌਕੇ ਐੱਸਡੀਐੱਮ ਸਤਵੰਤ ਸਿੰਘ ਵੱਲੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਇਨਸਾਫ਼ ਦਾ ਭਰੋਸਾ ਦੇਣ ਉੱਤੇ ਜਾਮ ਖੋਲਿ੍ਹਆ ਗਿਆ। ਇਸ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਭਲਕੇ 1 ਦਸੰਬਰ ਨੂੰ ਜਿਲ੍ਹਾ ਸਕੱਤਰੇਤ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਰਤ ਨੌਜਵਾਨ ਸਭਾ ਆਗੂ ਕਰਮਜੀਤ ਕੋਟਕਪੂਰਾ, ਮਨਪ੍ਰੀਤ ਧੂੜਕੋਟ, ਸੁਖਦਰਸਨ ਸਿੰਘ, ਲਵਪ੍ਰੀਤ ਕੌਰ, ਸਮਰਾ ਭੰਗਾਲੀ, ਰਮਨਦੀਪ ਕੌਰ ਧਰਮਕੋਟ ਤੇ ਹੋਰਾਂ ਨੇ ਦੋਸ਼ ਲਗਾਇਆ ਕਿ ਮੈਰਿਟ ਸੂਚੀ ਵਿੱਚ ਬਹੁਤ ਸਾਰੇ ਯੋਗ ਉਮੀਦਵਾਰਾਂ ਨੂੰ ਛੱਡ ਕੇ ਉਨ੍ਹਾਂ ਤੋਂ ਘੱਟ ਮੈਰਿਟ ਵਾਲਿਆਂ ਦੀ ਚੋਰ ਮੋਰੀ ਰਾਹੀਂ ਭਰਤੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਪੁਲੀਸ ਵੱਲੋਂ ਕਰੀਬ 43 ਸੌ ਕਾਂਸਟੇਬਲਾਂ ਦੀ ਭਰਤੀ ਸਬੰਧੀ ਲਈ ਪ੍ਰੀਖਿਆ ਦਾ ਨਤੀਜਾ ਆਉਣ ਉਪਰੰਤ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵੱਲੋਂ ਇਸ ਨਤੀਜੇ ਵਿੱਚ ਘਪਲੇਬਾਜ਼ੀ ਦੀ ਸ਼ੰਕਾ ਜ਼ਾਹਿਰ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ ਗਿਆ ਅਤੇ ਕਰੀਬ ਪੰਜ ਘੰਟੇ ਮੁਕਤਸਰ-ਕੋਟਕਪੂਰਾ ਸੜਕ ਉਪਰ ਆਵਾਜਾਈ ਠੱਪ ਕੀਤੀ ਗਈ। ਇਸ ਉਪਰੰਤ ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੁਜ਼ਾਹਰਾ ਕੀਤਾ ਜਿਥੇ ਡੀਸੀ ਨੇ ਮੁਜ਼ਾਹਰਾਕਾਰੀਆਂ ਨੂੰ ਸਮਝਾਕੇ ਸ਼ਾਂਤ ਕਰਦਿਆਂ ਸਾਰਾ ਮਾਮਲਾ ਵਿਭਾਗੀ ਚੋਣ ਅਥਾਰਟੀ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ। ਮੁਜ਼ਾਹਰਾਕਾਰੀ ਮਨਪ੍ਰੀਤ ਸਿੰਘ, ਸੋਨੂੰ ਹੋਰਾਂ ਨੇ ਦੱਸਿਆ ਕਿ ਨਤੀਜੇ ਦੀ ਜਾਰੀ ਹੋਈ ਸੂਚੀ ਵਿੱਚ ਨਾ ਤਾਂ ਉਮੀਦਵਾਰਾਂ ਦੇ ਪ੍ਰਾਪਤ ਨਤੀਜਿਆਂ ਬਾਰੇ ਦੱਸਿਆ ਗਿਆ ਹੈ ਅਤੇ ਨਾ ਹੀ ਕੋਈ ਹੋਰ ਮੈਰਿਟ ਬਣਾਈ ਹੈ। ਇਸ ਤੋਂ ਬਿਨਾਂ ਉਮੀਦਵਾਰਾਂ ਵਿੱਚ ਇਜ਼ਰਾਈਲ, ਬੋਸ, ਈਸਾ ਟੈਂਕ ਆਦਿ ਅਜਿਹੇ ਨਾਮ ਵੀ ਸ਼ਾਮਲ ਹਨ ਜੋ ਨਾ ਤਾਂ ਪੰਜਾਬੀ ਲੱਗਦੇ ਹਨ ਤੇ ਨਾ ਭਾਰਤੀ। ਮੁਜ਼ਹਰਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਨਤੀਜਾ ਸੂਚੀ ਰੋਕ ਕੇ ਨਵੀਂ ਸੂਚੀ ਜਾਰੀ ਕੀਤੀ ਜਾਵੇ ਅਤੇ ਬਕਾਇਦਾ ਪਾਸ ਪ੍ਰਤੀਸ਼ਤਤਾ ਵੀ ਦੱਸੀ ਜਾਵੇ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਸੂਚੀ ਸ਼ੱਕੀ ਲੱਗਦੀ ਹੈ। ਇਸ ਲਈ ਪ੍ਰਭਾਵਿਤ ਉਮੀਦਵਾਰ ਈ. ਮੇਲ ਰਾਹੀਂ ਆਪਣੀ ਸ਼ਿਕਾਇਤ ਉਨ੍ਹਾਂ ਤੱਕ ਪੁੱਜਦੀ ਕਰ ਦੇਣ ਤੇ ਉਹ ਅੱਗੋਂ ਵਿਭਾਗੀ ਚੋਣ ਕਮੇਟੀ ਤੇ ਸਰਕਾਰ ਤੱਕ ਇਹ ਮਾਮਲਾ ਪਹੁੰਚਾ ਦੇਣਗੇ।
ਮਾਨਸਾ ਦੇ ਐੱਸਡੀਐੱਮ ਨੂੰ ਸੌਂਪਿਆ ਮੰਗ ਪੱਤਰ
ਮਾਨਸਾ (ਪੱਤਰ ਪੇ੍ਰਕ): ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਪੰਜਾਬ ਪੁਲੀਸ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ ਦੀ ਸੂਚੀ ਦੇ ਵਿਰੋਧ ਵਿੱਚ ਨੌਜਵਾਨ ਮੁੰਡੇ-ਕੁੜੀਆਂ ਨੇ ਇੱਕਠੇ ਹੋ ਕੇ ਐੱਸਡੀਐੱਮ ਮਾਨਸਾ ਨੂੰ ਮੰਗ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਰਾਹੀਂ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਮੈਰਿਟ ਲਿਸਟ ਵਿੱਚ ਚੁਣੇ ਹੋਏ ਉਮੀਦਵਾਰਾਂ ਦੇ ਨੰਬਰ ਨਹੀਂ ਵਿਖਾਏ ਗਏ ਹਨ। ਇਸ ਤੋਂ ਪਹਿਲਾਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਜੋ ਮੈਰਿਟ ਲਿਸਟ ਜਾਰੀ ਕੀਤੀ ਹੈ, ਉਹ ਪਾਰਦਰਸ਼ੀ ਨਹੀਂ ਹੈ ਕਿਉਂਕਿ ਜਿਨ੍ਹਾਂ ਕੈਡਿਟਸ ਦੇ ਇਸ ਲਿਸਟ ਵਿੱਚ ਨਾ ਹਨ, ਉਨ੍ਹਾਂ ਦੇ ਨੰਬਰ ਨਹੀਂ ਇਕੱਲੇ ਲਿਸਟ ਵਿੱਚ ਨਾਂ ਹੀ ਹੈ, ਜਿਸ ਤੋਂ ਇਹ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ ਅਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ’ਤੇ ਲੱਗੀ ਹੈ। ਇਸ ਮੌਕੇ ਗੁਰਵਿੰਦਰ ਸਿੰਘ ਨੰਦਗੜ੍ਹ, ਸਰਬਜੀਤ ਕੌਰ, ਰਿੰਪੀ ਮਾਨਸਾ, ਮਨਪ੍ਰੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।