ਪੱਤਰ ਪ੍ਰੇਰਕ
ਮੌੜ ਮੰਡੀ, 14 ਅਪਰੈਲ
ਇਥੇ ਅੱਜ ਅਨਾਜ ਮੰਡੀ ਵਿੱਚ ਕਣਕ ਦੀ ਢੋਆ ਢੁਆਈ ਸਬੰਧੀ ਟਰੱਕ ਯੂਨੀਅਨ ਮੌੜ ਅਤੇ ਠੇਕੇਦਾਰ ਵਿੱਚ ਉਸ ਸਮੇਂ ਰੱਫੜ ਪੈ ਗਿਆ ਜਦੋਂ ਠੇਕੇਦਾਰ ਵੱਲੋਂ ਮੁੱਖ ਅਨਾਜ ਮੰਡੀ ’ਚ ਕਣਕ ਦੀ ਢੁਆਈ ਲਈ ਟਰੱਕ ਭੇਜੇ ਗਏ। ਇਸ ਦੇ ਚੱਲਦਿਆਂ ਟਰੱਕ ਅਪਰੇਟਰਾਂ ਨੇ ਗਲਤ ਤਰੀਕੇ ਨਾਲ ਮਾਲ ਦੀ ਢੁਆਈ ਲਈ ਟੈਂਡਰ ਪਾਸ ਕਰਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਣਕ ਦੀ ਢੁਆਈ ਨੂੰ ਰੋਕ ਦਿੱਤਾ। ਠੇਕੇਦਾਰ ਗਮਦੂਰ ਸਿੰਘ ਵੱਲੋਂ ਲੋਕਲ 8 ਕਿਲੋਮੀਟਰ ਤੱਕ ਦੇ ਟੈਂਡਰ ਪਾਏ ਗਏ ਸਨ। ਜਿਸਨੂੰ ਡੀਸੀ ਬਠਿੰਡਾ ਨੇ ਸ਼ਰਤਾਂ ਪੂਰੀਆਂ ਕਰਨ ਦੀ ਹਦਾਇਤ ’ਤੇ ਪਾਸ ਕਰ ਦਿੱਤਾ ਪਰ ਟਰੱਕ ਯੂਨੀਅਨ ਮੌੜ ਵੱਲੋਂ ਇਤਰਾਜ਼ ਪ੍ਰਗਟ ਕਰਦਿਆਂ ਟੈਂਡਰਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਟਰੱਕ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ, ਅਮਨਦੀਪ ਸਿੰਘ ਘੁੰਮਣ, ਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਪਾਸ ਕੀਤੇ ਗਏ ਟੈਂਡਰ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਹੈ ਅਤੇ ਗਲਤ ਟਰੱਕਾਂ ਦੀਆਂ ਰਜਿਸਟਰਡ ਕਾਪੀਆਂ ਨਾਲ ਲਾਈਆਂ ਗਈਆਂ ਹਨ। ਇਸ ਮਾਮਲੇ ’ਚ ਪਹੁੰਚੇ ਲੱਖਾ ਸਿਧਾਣਾ ਨੇ ਕਿਹਾ ਕਿ ਇਹ ਮਸਲਾ ਕੇਵਲ ਮੌੜ ਮੰਡੀ ਦੇ ਟੈਂਡਰਾਂ ਦਾ ਹੀ ਨਹੀਂ ਸਗੋਂ ਰਾਮਾ ਮੰਡੀ ਤੇ ਭੁੱਚੋ ਮੰਡੀ ’ਚ ਵੀ ਟਰੱਕ ਅਪਰੇਟਰਾਂ ਨਾਲ ਧੱਕੇਸਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਦੇ ਵਿਧਾਇਕ ਵੱਲੋਂ ਟਰੱਕ ਅਪਰੇਟਰਾਂ ਦੀ ਹੁੰਦੀ ਲੁੱਟ ਨੂੰ ਰੋਕਣਾ ਤਾਂ ਕੀ ਸੀ ਸਗੋਂ ਸਬੰਧਤ ਠੇਕੇਦਾਰ ਨਾਲ ਮਿਲੀ ਭੁਗਤ ਨਾਲ ਰੋਜ਼ੀ ਰੋਟੀ ਚਲਾ ਰਹੇ ਟਰੱਕ ਅਪਰੇਟਰਾਂ ਦੀ ਲੁੱਟ ਨੂੰ ਵਧਾ ਦਿੱਤਾ ਹੈ।
ਦੂਜੇ ਪਾਸੇ ਠੇਕੇਦਾਰ ਵੱਲੋਂ ਭੇਜੇ ਗਏ ਵੀਰ ਚੰਦ ਗੁਪਤਾ ਨੇ ਕਿਹਾ ਕਿ ਟਰੱਕ ਯੂਨੀਅਨ ਮੌੜ ਨੇ ਗਲਤ ਤਰੀਕੇ ਨਾਲ ਮਾਲ ਦੀ ਢੋਆ ਢੋਆਈ ਨੂੰ ਰੋਕਿਆ ਹੈ, ਸਗੋਂ ਪੂਰੀਆਂ ਸਰਤਾਂ ਤੇ ਨਿਯਮਾਂ ਨੂੰ ਪੂਰਾ ਕਰਕੇ ਹੀ ਟੈਂਡਰ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਠੇਕੇਦਾਰ ਨੂੰ ਮਾਲ ਉਠਾਉਣ ਦੀਆਂ ਹਦਾਇਤਾਂ ਉਨ੍ਹਾਂ ਕੋਲ ਮੌਜੂਦ ਹਨ, ਜਦੋਂਕਿ ਅੱਠ ਕਿਲੋਮੀਟਰ ਦੇ ਘੇਰੇ ਤੋਂ ਬਾਹਰ ਦੇ ਟਰਾਂਸਪੋਰਟ ਟੈਂਡਰ ਨੂੰ ਪਹਿਲਾਂ ਹੀ ਬਲੈਕ ਲਿਸਟ ਕਰ ਦਿੱਤਾ ਤੇ ਅੱਠ ਕਿਲੋਮੀਟਰ ਦੇ ਘੇਰੇ ’ਚ ਆਉਂਦੇ ਲੋਕਲ ਪਰਮਿਟ ਲਈ ਮਾਲ ਦੀ ਢੋਆ ਢੋਆਈ ਠੇਕੇਦਾਰ ਗਮਦੂਰ ਸਿੰਘ ਚੰਦ ਭਾਨ ਦੇ ਨਾਂ ’ਤੇ ਪਾਸ ਕੀਤੀ ਗਈ ਹੈ।