ਲਖਵਿੰਦਰ ਸਿੰਘ
ਮਖੂ, 8 ਮਈ
ਕੋਂਦਰ ਸਰਕਾਰ ਵੱਲੋਂ ਕਸਬਾ ਫਿਰੋਜ਼ਪੁਰ ਪੱਟੀ ਰੇਲ ਮਾਰਗ ਦਾ ਨਿਰਮਾਣ ਕਰਨ ਦਾ ਫੈਸਲਾ ਤਕਰੀਬਨ ਨੌਂ ਸਾਲ ਪਹਿਲਾਂ ਲਿਆ ਗਿਆ ਸੀ। ਧੀਮੀ ਰਫ਼ਤਾਰ ਨਾਲ ਚੱਲ ਰਹੇ 25 ਕਿਲੋਮੀਟਰ ਦੇ ਇਸ ਰੇਲ ਮਾਰਗ ’ਚ ਫਿਰੋਜ਼ਪੁਰ ਜ਼ਿਲ੍ਹੇ ਦੇ 3 ਪਿੰਡਾਂ ਦੀ 975 ਕਨਾਲਾਂ 121 ਦੇ ਅਤੇ ਤਰਨ ਤਾਰਨ ਜ਼ਿਲ੍ਹੇ ਦੇ 8 ਪਿੰਡਾਂ ਦਾ 1880 ਕਨਾਲਾਂ 235 ਕਿਲਿਆਂ ਦਾ ਮੁਆਵਜ਼ਾ ਦੇਣ ਤੋਂ ਬਾਅਦ ਕਬਜ਼ਾ ਲੈ ਕੇ ਕੰਮ ਸ਼ੁਰੁ ਕਰਨਾ ਸੀ ਪਰ ਕਿਸਾਨਾਂ ਨੇ ਘੱਟ ਰੇਟ ਮਿਲਣ ਦਾ ਦੋਸ਼ ਲਾ ਕੇ ਮੁਆਵਜ਼ਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਕਿਸਾਨ ਬਾਜ਼ਾਰੀ ਰੇਟ ਦਾ ਚਾਰ ਗੁਣਾ, ਪਹਿਲ ਦੇ ਆਧਾਰ ’ਤੇ ਕਰਜ਼ਾ ਮੁਆਫੀ ਅਤੇ ਘਰ ਦੇ ਇਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਧੁੱਸੀ ਬੰਨ੍ਹ ਦੇ ਅੰਦਰ 9 ਲੱਖ ਤੇ ਬੰਨ੍ਹ ਦੇ ਬਾਹਰ 14 ਤੋਂ 15 ਲੱਖ ਤੋਂ ਅੱਗੇ ਨਹੀਂ ਵਧ ਰਹੀ। ਵਿੱਚ ਸਬੰਧ ਵਿੱਚ ਪਿੰਡ ਦੂਲਾ ਸਿੰਘ, ਕੁਤੁਬਦੀਨ ਵਾਲਾ, ਕਾਲੇਕੇ ਹਿਠਾੜ ਅਤੇ ਮੱਲਾਂਵਾਲੇ ਦੇ ਕਿਸਾਨ ਆਗੂ ਰਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਿਸਾਨ ਡੀਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਦੇ ਕੇ ਆਏ ਸਨ। ਅੱਜ ਫਿਰ ਕਿਸਾਨਾਂ ਨੇ ਇਕਜੁੱਟ ਹੋ ਕੇ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਨਹੀਂ ਤਾਂ ਉਹ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ ਅਤੇ ਇਕ ਇਕ ਇੰਚ ਜ਼ਮੀਨ ਦਾ ਬਣਦਾ ਮੁਆਵਜ਼ਾ ਸਰਕਾਰ ਤੋਂ ਲੈ ਕੇ ਹੀ ਪਿੱਛੇ ਹਟਣਗੇ। ਇਸ ਮੌਕੇ ਕਿਸਾਨ ਆਗੂ ਰਵਿੰਦਰ ਸਿੰਘ ਗਿੱਲ, ਦਵਿੰਦਰ ਸਿੰਘ, ਦਿਆਲ ਸਿੰਘ, ਦਿਲਬਾਗ ਸਿੰਘ, ਬਚਿੱਤਰ ਸਿੰਘ, ਕੁਲਵੰਤ ਸਿੰਘ, ਕਾਹਣ ਸਿੰਘ ਆਦਿ ਹਾਜ਼ਰ ਸਨ।