ਪਵਨ ਗੋਇਲ
ਭੁੱਚੋ ਮੰਡੀ, 29 ਅਪਰੈਲ
ਰੇਲਵੇ ਵਿਭਾਗ ਵੱਲੋਂ ਬਠਿੰਡਾ ਅੰਬਾਲਾ ਰੇਲਵੇ ਲਾਈਨ ’ਤੇ ਡਬਲ ਟਰੈਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਕੀਮਤ ਤੋਂ ਅਸੰਤੁਸ਼ਟ ਕਿਸਾਨਾਂ ਨੇ ਅੱਜ ਰੇਲਵੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਰੇਲਵੇ ਵਿਭਾਗ ਦੀ ਕੰਮ ਕਰਨ ਆਈ ਟੀਮ ਨੂੰ ਬੇਰੰਗ ਮੁੜਨਾ ਪਿਆ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ, ਕਿਸਾਨ ਜਗਰੂਪ ਸਿੰਘ, ਭੋਲਾ ਸਿੰਘ , ਜੋਗਿੰਦਰ ਸਿੰਘ, ਜਸ ਸਿੰਘ, ਤਰਲੋਕ ਸਿੰਘ, ਗੁਰਜੰਟ ਸਿੰਘ, ਰਾਜਾ ਸਿੰਘ, ਜੱਗੀ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਕਿਸਾਨਾਂ ਨੂੰ ਪੂਰੀ ਕੀਮਤ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਐੱਸਡੀਐੱਮ ਬਠਿੰਡਾ ਕੋਲ ਕੇਸ ਵੀ ਚੱਲ ਰਿਹਾ ਹੈ। ਇਸ ਦੇ ਬਾਵਜੂਦ ਅਧਿਕਾਰੀ ਜੇਸੀਬੀ ਮਸ਼ੀਨ ਅਤੇ ਮਜ਼ਦੂਰ ਲੈ ਕੇ ਕੰਮ ਕਰਨ ਲਈ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੇ ਨਾਲ ਦੀ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਜਾਮ ਨਗਰ ਸੜਕ ਵਿੱਚ ਆ ਰਹੀਆਂ ਜ਼ਮੀਨਾਂ ਦੀ ਕੀਮਤ 50 ਲੱਖ ਰੁਪਏ ਪ੍ਰਤੀ ਏਕੜ ਦਿੱਤੀ ਜਾ ਰਹੀ ਹੈ, ਜਦੋਂ ਕਿ ਰੇਲਵੇ ਵਿਭਾਗ ਸਿਰਫ਼ 28 ਤੋਂ 30 ਲੱਖ ਰੁਪਏ ਹੀ ਦੇ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੂਰੀ ਕੀਮਤ ਲਏ ਬਿਨਾਂ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ।