ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਮਾਲਵਾ ਖੇਤਰ ਵਿੱਚ ਅੱਜ-ਕੱਲ੍ਹ ਪੈ ਰਹੀ ਬੇਲੋੜੀ ਗਰਮੀ ਕਾਰਨ ਨਰਮੇ ਦੀ ਚੁਗਾਈ ਸਮੇਤ ਖੇਤਾਂ ਵਿੱਚ ਕੰਮ-ਕਾਰ ਪ੍ਰਭਾਵਤ ਹੋਣ ਲੱਗਿਆ ਹੈ। ਇਸ ਗਰਮੀ ਨੇ ਨਰਮਾ ਚੁਗਣ ਵਾਲਿਆਂ ਲਈ ਮੁਸੀਬਤ ਖੜ੍ਹੀ ਕੀਤੀ ਹੋਈ ਹੈ ਅਤੇ ਅੱਜ-ਕੱਲ੍ਹ ਤਾਪਮਾਨ 33 ਡਿਗਰੀ ਸੈਟੀਗਰੇਡ ਦੇ ਲਗਪਗ ਹੋਣ ਕਾਰਨ ਖੇਤਾਂ ਦੇ ਹਰ ਤਰ੍ਹਾਂ ਦੇ ਕਾਰਜਾਂ ਵਿੱਚ ਖੜੌਤ ਦੇ ਨਾਲ-ਨਾਲ ਕਾਮਿਆਂ ਨੂੰ ਤਕਲੀਫ਼ਾਂ ਖੜ੍ਹੀਆਂ ਹੋ ਰਹੀਆਂ ਹਨ, ਜਦੋਂ ਕਿ ਹਾੜ੍ਹੀ ਦੀਆਂ ਤੇਲ ਬੀਜ ਸਮੇਤ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਉਪਰ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਉਧਰ ਮੌਸਮ ਮਹਿਕਮੇ ਵੱਲੋਂ ਪੈ ਰਹੀ ਗਰਮੀ ਤੋਂ ਬਾਅਦ ਹੁਣ ਅਗਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਕੁੱਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਰਾਜ ਵਿੱਚ ਬਣੀ ਹੋਈ ਖੁਸ਼ਕੀ ਚੁੱਕੀ ਜਾਣ ਦੀ ਆਸ ਪੈਦਾ ਹੋ ਗਈ ਹੈ। ਖੇਤੀ ਵਿਗਿਆਨੀਆਂ ਨੇ ਇਸ ਖੁਸ਼ਕੀ ਨੂੰ ਮਨੁੱਖਾਂ ਸਮੇਤ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਡਾ.ਮਨਮੋਹਨ ਸਿੰਘ ਅਨੁਸਾਰ 3 ਤੋਂ 5 ਨਵੰਬਰ ਦੀ ਸ਼ਾਮ ਤਕ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਵੇਰੇ-ਸ਼ਾਮ ਧੂੰਏ ਕਾਰਨ ਬਣੀ ਵਿਜ਼ੀਬਿਲਟੀ ਘੱਟ ਗਈ ਹੈ, ਜਿਸ ਤੋਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਮੀਂਹ ਨਾਲ ਛੁਟਕਾਰਾ ਮਿਲ ਸਕਦਾ ਹੈ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਬੇਸ਼ੱਕ ਇਨ੍ਹਾਂ ਦਿਨਾਂ ਵਿੱਚ ਦਿਨ ਵੇਲੇ ਚੰਗੀ ਧੁੱਪ ਅਤੇ ਰਾਤ ਨੂੰ ਠੰਡ ਦੀ ਲੋੜ ਹੁੰਦੀ ਹੈ, ਪਰ ਤਾਪਮਾਨ 32 ਤੋਂ 33.5 ਡਿਗਰੀ ਸੈਟੀਗਰੇਡ ਰਹਿਣ ਕਾਰਨ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਚੁਗਾਈ ਵੀ ਔਖੀ ਬਣੀ ਹੋਈ ਹੈ।
ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਵਿੱਚ ਮੌਸਮੀ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਅੱਜ ਮਾਲਵਾ ਖੇਤਰ ਦੇ ਬਠਿੰਡਾ ਸਮੇਤ ਬਹੁਤੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਟੀਗਰੇਡ ਰਿਹਾ ਹੈ।