ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਗਸਤ
ਅੱਜ ਵੱਡੇ ਤੜਕੇ ਪਏ ਮੀਂਹ ਨੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਇਹ ਮੀਂਹ ਭਾਵੇਂ ਥੋੜ੍ਹਾ ਸਮਾਂ ਵਰ੍ਹਿਆ, ਪਰ ਇਸ ਨੇ ਦੇਰ ਸ਼ਾਮ ਤਕ ਮਾਨਸਾ ਲਈ ਮੁਸੀਬਤਾਂ ਖੜ੍ਹੀਆਂ ਕਰੀ ਰੱਖੀਆਂ। ਮੀਂਹ ਨੇ ਰਾਹਗੀਰਾਂ ਲਈ ਅੜਿੱਕੇ ਕਰ ਦਿੱਤੇ।
ਭਾਵੇਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੇ ਜਲ ਨਿਕਾਸੀ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਸੀ, ਪਰ ਅੱਜ ਪਏ ਮੀਂਹ ਮੂਹਰੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਸੀਵਰੇਜ਼ ਦੇ ਜਾਮ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿਚ ਰਲ ਗਿਆ ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹੇ।
ਖੇਤੀਬਾੜੀ ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅੱਜ ਦੱਖਣੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਏ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨਾ ਹੈ, ਉੱਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਕਿਹਾ ਕਿ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਬਿਲਕੁਲ ਛੁਟਕਾਰਾ ਹੋ ਜਾਵੇਗਾ।
ਮਮਦੋਟ (ਜਸਵੰਤ ਸਿੰਘ ਥਿੰਦ): ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਸਬ ਤਹਿਸੀਲ ਦੀ ਗਰਾਊਂਡ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਮਮਦੋਟ ਸਬ ਤਹਿਸੀਲ ਕੰਪਲੈਕਸ ਵਿਚ ਟਾਈਲਾਂ ਨਾ ਲੱਗੀਆਂ ਹੋਣ ਕਾਰਨ ਸਬ ਤਹਿਸੀਲ ਵਿੱਚ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਕੰਮ ਕਰਾਉਣ ਵਾਲੇ ਲੋਕਾਂ ਨੂੰ ਪਾਣੀ ਵਿਚੋਂ ਲੰਘ ਕੇ ਅਰਜ਼ੀ ਨਵੀਸਾਂ ਦੀਆਂ ਦੁਕਾਨਾਂ ਤੱਕ ਜਾਣਾ ਪੈਂਦਾ ਹੈ। ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬ ਤਹਿਸੀਲ ਵਿਚ ਪਾਣੀ ਦੀ ਸਮੱਸਿਆ ਦੂਰ ਕੀਤੀ ਜਾਵੇ।
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ’ਚ ਅੱਜ ਸਵੇਰੇ ਪਏ ਭਾਰੀ ਮੀਂਹ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰੇ 2 ਘੰਟੇ ਦੇ ਕਰੀਬ ਮੀਂਹ ਪਿਆ, ਜਿਸ ਨਾਲ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ। ਇਹ ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਮੀਂਹ ਕਾਰਨ ਬਾਜ਼ਾਰ ਵਿਚ ਪਾਣੀ ਭਰਿਆ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਪਏ ਮੀਂਹ ਕਾਰਨ ਸ਼ਹਿਰ ਦੇ ਬਾਜ਼ਾਰਾਂ ਅਤੇ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ। ਬੱਸ ਅੱਡੇ ਨਜ਼ਦੀਕ ਮਾਲ ਰੋਡ ’ਤੇ ਹਲਕੀ ਬਰਸਾਤ ਤੋਂ ਬਾਅਦ ਹੀ ਦੁਕਾਨਾਂ ਅੱਗੇ ਪਾਣੀ ਭਰ ਜਾਣ ਦੀ ਸਮੱਸਿਆ ਲੰਮੇ ਸਮੇਂ ਤੋਂ ਗੰਭੀਰ ਬਣੀ ਹੋਈ ਹੈ। ਸੀਵਰੇਜ ਦੀਆਂ ਹੌਦੀਆਂ ਵਿੱਚ ਕਾਫ਼ੀ ਦੇਰ ਤੋਂ ਮਿੱਟੀ ਭਰ ਜਾਣ ਕਾਰਨ ਨਿਕਾਸੀ ਰੁਕੀ ਹੋਈ ਹੈ। ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਜਾਣ ਲਈ ਚਾਲੀਆਂ ਲਗਾਉਣੀਆਂ ਪੈ ਰਹੀਆਂ ਹਨ। ਦੁਕਾਨਦਾਰਾਂ ਨੇ ਕਿਹਾ ਕਿ ਇਸ ਸਮੱਸਿਆ ਕਾਰਨ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਦੁਕਾਨਾਂ ਅੱਗੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਹੌਦੀਆਂ ਨੂੰ ਸਾਫ਼ ਕਰ ਕੇ ਨਿਕਾਸੀ ਦਰੁਸਤ ਕੀਤੀ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਈਓ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਅਧਿਕਾਰੀ ਸੰਜੀਵ ਬਾਂਸਲ ਨੇ ਕਿਹਾ ਕਿ ਇਹ ਸਮੱਸਿਆ ਜਲਦੀ ਹੱਲ ਕੀਤੀ ਜਾਵੇਗੀ।