ਬਾਘਾ ਪੁਰਾਣਾ: ਇੱਥੇ ਜਨਤਾ ਧਰਮਸ਼ਾਲਾ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਇਕਾਈ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਦੇ ਬੈਨਰ ਹੇਠ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਮੁੱਖ ਬੁਲਾਰਿਆਂ ਵਜੋਂ ਪੁਲੀਸ ਪ੍ਰਸ਼ਾਸਨ ਵੱਲੋਂ ਥਾਣਾ ਸਮਾਲਸਰ ਦੇ ਮੁਖੀ ਦਲਜੀਤ ਸਿੰਘ ਗਿੱਲ, ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਸ਼ਾਮਲ ਹੋਏ। ਥਾਣਾ ਮੁਖੀ ਦਲਜੀਤ ਸਿੰਘ ਗਿੱਲ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਇਸ ਅਲਾਮਤ ਖ਼ਿਲਾਫ਼ ਕੀਤੀ ਜਾਂਦੀ ਜੱਦੋ-ਜਹਿਦ ਨੂੰ ਸ਼ਲਾਘਾਪੂਰਨ ਕਦਮ ਦੱਸਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਅਤੇ ਜ਼ਿਲਾ ਪ੍ਰਧਾਨ ਬਸੰਤ ਸਿੰਘ ਹੁਰਾਂ ਨੇ ਪੁਲੀਸ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜਥੇਬੰਦੀ ਦਾ ਇਕ-ਇਕ ਮੈਂਬਰ ਨਸ਼ਿਆਂ ਦਾ ਲੱਕ ਤੋੜਨ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਵੇਗਾ। -ਪੱਤਰ ਪ੍ਰੇਰਕ